ਗੁਰਦਾਸਪੁਰ, 11 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਨਾਲ ਜੋੜ ਕੇ 7 ਜੁਲਾਈ ਨੂੰ ਅਬੋਹਰ ਵਿਚ ਪੁਲਸ ਮੁਕਾਬਲੇ ਦੋਰਾਨ ਮਾਰੇ ਗਏ ਦੋ ਨੌਜਵਾਨਾਂ ਸਬੰਧੀ ਕਿਹਾ ਹੈ ਕਿ ਇਹ ਪੁਲਸ ਮੁਕਾਬਲਾ ਪੁਲੀਸ ਦੀ ਰੀਪੋਰਟ ਤੋਂ ਪਹਿਲੀ ਨਜਰੇ ਹੀ ਸ਼ੱਕੀ ਅਤੇ ਝੂਠਾ ਲਗਦਾ ਹੈ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੁਬਾਈ ਆਗੂ ਗੁਰਮੀਤ ਸਿੰਘ ਬੱਖਤਪੁਰਾ ਦਾ ਕਹਿਣਾ ਹੈ ਕਿ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲ ਹਰ ਹਾਲਤ ਵਿਚ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਜਾ ਦੇ ਭਾਗੀ ਬਨਾਉਣਾ ਚਾਹੀਦਾ ਹੈ ਪਰ ਸਜਾ ਦੇਣਾ ਨਿਆਪਾਲਿਕਾ ਦਾ ਕੰਮ ਹੈ,ਪੁਲਸ ਦਾ ਨਹੀਂ, ਉਹਨਾਂ ਕਿਹਾ ਕਿ ਅਬੋਹਰ ਦੇ ਪੁਲਸ ਮੁਕਾਬਲੇ ਬਾਬਤ ਸਰਕਾਰ ਅਤੇ ਪੁਲਸ ਦੇ ਦਾਵੇ ਆਪਾ ਵਿਰੋਧੀ ਹਨ ਜਿਸ ਅਧਾਰ ਤੇ ਮਾਰੇ ਗਏ ਨੌਜਵਾਨਾਂ ਦੇ ਪਰੀਵਾਰਾ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਦਾ ਇਸ ਪੁਲਸ ਮੁਕਾਬਲੇ ਦੀ ਉਚ ਪਧਰੀ ਜਾਂਚ ਦੀ ਮੰਗ ਕਰਨਾ ਜਾਇਜ ਹੈ.ਅਸਲ ਵਿਚ ਇਨੇ ਵੱਡੇ ਕਤਲ ਤੋਂ ਬਾਅਦ ਮਾਨ ਸਰਕਾਰ ਅਤੇ ਪੁਲਸ ਆਪਣੇ ਆਪ ਨੂੰ ਕਟਹਿਰੇ ਵਿਚ ਖੜੀ ਮਹਿਸੂਸ ਕਰ ਰਹੀ ਸੀ, ਜਿਸ ਅਮਨ ਕਨੂੰਨ ਦੀ ਬਦਤਰ ਹਾਲਤ ਦੇ ਦੋਸਾ ਤੋਂ ਬਚਣ ਲਈ ਸਰਕਾਰ ਨੇ ਕਥਿਤ ਤੌਰ ਤੇ ਦੋਸੀਆ ਨੂੰ ਪੁਲਸ ਮੁਕਾਬਲੇ ਵਿਚ ਮਰਿਆ ਦਿਖਾ ਦਿਤਾ ਹੈ. ਬੱਖਤਪੁਰਾ ਨੇ ਕਿਹਾ ਕਿ ਪੰਜਾਬ ਵਿਚ ਦਸੰਬਰ 2024 ਤੋਂ ਗੁਰਦਾਸਪੁਰ ਜਿਲ੍ਹੇ ਦੇ ਬਾਰਡਰ ਕਸਬਾ ਕਲਾਨੌਰ ਇਲਾਕੇ ਦੇ ਤਿੰਨ ਨੌਜਵਾਨਾਂ ਦੇ ਪੀਲੀਭੀਤ ਵਿਚ ਦਿਖਾਏ ਗਏ ਪੁਲੀਸ ਮੁਕਾਬਲੇ ਦੀ ਕੀਤੀ ਗਈ ਸੁਰੂਆਤ ਤੋਂ ਬਾਅਦ ਪੁਲਸ ਮੁਕਾਬਲਿਆ ਦਾ ਸਿਲਸਲਾ ਪੰਜਾਬ ਦੇ ਆਖਰੀ ਕੋਨੇ ਅਬੋਹਰ ਤਕ ਪਹੁੰਚ ਗਿਆ ਹੈ. ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਆਮ ਆਦਮੀ ਅਣਸੁਰਖਿਤ ਹੈ, ਹਰ ਰੋਜ ਕਿਸੇ ਨਾ ਕਿਸੇ ਰੂਪ ਵਿਚ ਕਤਲਾ, ਫ਼ਿਰੌਤੀਆਂ ਮੰਗਣ ਅਤੇ ਮਾਰਧਾੜ ਦਾ ਨਿਰੰਤਰ ਸਿਲਸਿਲਾ ਜਾਰੀ ਹੈ ਪਰ ਮੁਖ ਮੰਤਰੀ ਪੰਜਾਬ ਇਸ ਮਹੌਲ ਨੂੰ ਬੜੀ ਢੀਠਤਾਈ ਨਾਲ ਰੰਗਲਾ ਪੰਜਾਬ ਦੱਸ ਰਹੇ ਹਨ.


