ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਨੇ ਪਿਛਲੇ ਇੱਕ ਸਾਲ ਦੌਰਾਨ 5211 ਨੌਜਵਾਨਾਂ ਨੂੰ ਨੌਂਕਰੀਆਂ ਦਿਵਾਈਆਂ

ਗੁਰਦਾਸਪੁਰ

ਬੀਤੇ ਸਾਲ 3316 ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਕੀਤੀ

ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ 5211 ਨੌਜਵਾਨਾਂ ਨੂੰ ਨੌਂਕਰੀਆਂ ਦਿਵਾਈਆਂ ਗਈਆਂ ਹਨ, ਜਦਕਿ 3316 ਨੌਜਵਾਨ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਤਮ ਨਿਰਭਰ ਹੋਏ ਹਨ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਦਾਸਪੁਰ ਪਰਸ਼ੋਤਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਗੁਰਦਾਸਪੁਰ ਵੱਲੋਂ ਅਪ੍ਰੈਲ 2022 ਤੋਂ 31 ਮਾਰਚ 2023 ਤੱਕ 117 ਪਲੇਸਮੈਂਟ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚ ਰੁਜ਼ਗਾਰ ਦੇਣ ਵਾਲੀਆਂ 187 ਨਾਮੀ ਕੰਪਨੀਆਂ ਵੱਲੋਂ ਭਾਗ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ 5211 ਨੌਜਵਾਨ ਲੜਕੇ-ਲੜਕੀਆਂ ਦੀ ਵੱਖ-ਵੱਖ ਨੌਂਕਰੀਆਂ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਨੌਂਕਰੀਆਂ ਲਈ ਚੁਣੇ ਗਏ ਸਾਰੇ ਹੀ ਨੌਜਵਾਨਾਂ ਨੂੰ ਤਨਖਾਹਾਂ ਦੇ ਚੰਗੇ ਪੈਕੇਜ ਮਿਲੇ ਹਨ।

ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵੱਲੋਂ ਜਿਥੇ ਪਲੇਸਮੈਂਟ ਕੈਂਪ ਲਗਾ ਕੇ ਨੌਜਵਾਨਾਂ ਨੂੰ ਨੌਂਕਰੀਆਂ ਦਿਵਾਈਆਂ ਗਈਆਂ ਹਨ ਓਥੇ ਨਾਲ ਹੀ ਜਿਹੜੇ ਨੌਜਵਾਨ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਸਨ ਉਨ੍ਹਾਂ ਨੂੰ ਦੀ ਵੀ ਅਗਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਇੱਕ ਸਾਲ ਦੌਰਾਨ 3316 ਨੌਜਵਾਨਾਂ ਦੇ ਸਵੈ ਰੁਜ਼ਗਾਰ ਲਈ ਬੈਂਕਾਂ ਤੋਂ ਸਬਸਿਡੀ ਉਪਰ ਲੋਨ ਪਾਸ ਕਰਵਾ ਕੇ ਦਿੱਤੇ ਗਏ ਹਨ ਜਿਸ ਨਾਲ ਇਹ ਨੌਜਵਾਨ ਆਪਣੇ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਤਮ ਨਿਰਭਰ ਬਣੇ ਹਨ।

ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੌਜਵਾਨਾਂ ਦੀ ਕਰੀਅਰ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਚਾਹਵਾਨ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਨੌਜਵਾਨਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਂਕਰੀਆਂ ਦੀ ਇੰਟਰਵਿਊ/ਟੈਸਟ ਆਦਿ ਦੀ ਕੋਚਿੰਗ ਵੀ ਦਿੱਤੀ ਜਾ ਰਹੀ ਹੈ।

ਸ੍ਰੀ ਪਰਸ਼ੋਤਮ ਸਿੰਘ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਰਜਿਸਟਰਡ ਜਰੂਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਂਕਰੀਆਂ ਦਿਵਾਉਣ ਅਤੇ ਸਵੈ ਰੁਜ਼ਗਾਰ ਸ਼ੁਰੂ ਕਰਨ ਵਿੱਚ ਸਹਾਇਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਵਚਨਬੱਧ ਹੈ।

Leave a Reply

Your email address will not be published. Required fields are marked *