ਦੇਸ਼ ਪੱਧਰੀ ਹੜਤਾਲ ਦੇ ਸੱਦੇ ਤੇ ਹਜ਼ਾਰਾਂ ਮਜ਼ਦੂਰ- ਕਿਸਾਨ ਅਤੇ ਮੁਲਾਜਮ ਸ਼ਾਮਲ ਹੋਏ ਅਤੇ ਕਿਰਤ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ

ਸੰਗਰੂਰ-ਬਰਨਾਲਾ

ਬਰਨਾਲਾ, ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)–  ਅੱਜ  ਦੇਸ਼ ਭਰ ਦੀਆਂ ਦਸ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ  ਵੱਲੋਂ ਰਾਸ਼ਟਰੀ ਹੜਤਾਲ ਦਾ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਦੋ ਸੌ ਤੋਂ ਵੱਧ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਦੇਸ਼ ਦੇ ਕੋਨੇ ਕੋਨੇ ਵਿੱਚ ਹੜਤਾਲ ਕਰਕੇ ਮੋਦੀ ਸਰਕਾਰ ਦੀ ਮਜ਼ਦੂਰ ਵਿਰੋਧੀ ਅਤੇ ਗ਼ਰੀਬ ਮਾਰੂ ਨੀਤੀਆਂ ਦਾ  ਵਿਰੋਧ ਕੀਤਾ ਜਾਣਾ ਸੀ। ਇਸ ਸੱਦੇ  ਤਹਿਤ ਬਰਨਾਲਾ ਜ਼ਿਲ੍ਹੇ ਦੀਆਂ ਵੱਖ ਵੱਖ ਟ੍ਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ, ਕਿਸਾਨ ਅਤੇ ਮੁਲਾਜਮ ਜਥੇਬੰਦੀਆਂ ਅਤੇ ਆਂਗਣਵਾੜੀ ਵਰਕਰਾਂ ਨੇ ਵੱਡੇ ਕਾਫਲੇ ਸਮੇਤ  ਡੀ ਸੀ ਦਫ਼ਤਰ ਬਰਨਾਲਾ  ਵਿਖੇ ਇਕੱਠੇ ਹੋਕੇ ਮੋਦੀ ਸਰਕਾਰ  ਦੀਆਂ  ਨੀਤੀਆਂ ਦੇ ਖ਼ਿਲਾਫ਼ ਜ਼ਬਰਦਸਤ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਭਰਵੀਂ ਰੈਲੀ ਕੀਤੀ ਗਈ। ਜਿਸ ਵਿੱਚ  ਮਨਰੇਗਾ ਮਜ਼ਦੂਰਾਂ,  ਆਂਗਣਵਾੜੀ ਵਰਕਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਕੇ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਟ੍ਰੇਡ ਯੂਨੀਅਨ ਆਗੂ ਕਾਮਰੇਡ ਸ਼ੇਰ ਸਿੰਘ ਫਰਵਾਹੀ, ਕਾਮਰੇਡ ਖੁਸ਼ੀਆ ਸਿੰਘ, ਕਾਮਰੇਡ ਗੁਰਪ੍ਰੀਤ ਰੂੜੇਕੇ, ਕਾਮਰੇਡ ਭੋਲਾ ਸਿੰਘ ਕਲਾਲਮਾਜਰਾ ਅਤੇ ਕਾਮਰੇਡ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਦੇ ਤਿੱਖੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਅਤੇ ਸੁਧਾਰਾਂ ਦੇ ਨਾਂ ‘ਤੇ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਗਿਆ ਸੀ। ਜਿਨ੍ਹਾਂ ਵਿੱਚ ਮਜ਼ਦੂਰਾਂ ਦੇ ਬੁਨਿਆਦੀ ਹੱਕ ਖੋਹ ਲਏ ਗਏ ਹਨ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਹੁ ਰਾਸ਼ਟਰੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਅਤੇ ਦੇਸ਼ ਦੇ ਵੱਡੇ ਪੂੰਜੀਪਤੀਆਂ ਦੇ ਇਸ਼ਾਰਿਆਂ ਤੇ ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ । ਜਿਨ੍ਹਾਂ ਦੇ ਰਾਹੀਂ  ਵੱਡੇ ਸਰਮਾਏਦਾਰਾਂ ਨੂੰ ਹੋਰ ਮਾਲੋਮਾਲ ਕਰਨ ਕਿਰਤੀ ਲੋਕਾਂ ਦੀ ਤਿੱਖੇ ਰੂਪ ‘ਚ ਲੁੱਟ ਕੀਤੀ ਜਾ ਰਹੀ ਹੈ। ਠੇਕਾ ਪ੍ਰਥਾ, ਆਉਟਸੋਰਸ,’ਕੰਮ ਲਓ ਕੱਢ ਦਿਓ’ ਦੀ ਨੀਤੀ ਬੇਰੁਜ਼ਗਾਰ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ  ਮਜ਼ਦੂਰਾਂ , ਕਿਸਾਨਾਂ ਮੁਲਾਜ਼ਮਾਂ ਅਤੇ ਤਮਾਮ ਦੱਬੇ ਕੁੱਚਲੇ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ  ਦੇ ਖ਼ਿਲਾਫ਼ ਜਨਤਕ ਲਹਿਰ ਉਸਾਰਨ ਦੀ ਲੋੜ ਹੈ। ਅੱਜ ਦੇ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਮਨਜੀਤ ਰਾਜ, ਬਲੌਰ ਸਿੰਘ ਛੰਨਾ, ਦਰਸ਼ਨ ਸਿੰਘ ਮਹਿਤਾ, ਰਾਮ ਸਿੰਘ ਸੰਘੇੜਾ, ਮਜ਼ਦੂਰ ਆਗੂ ਜਗਰਾਜ ਰਾਮਾਂ, ਹਰਪਾਲ ਕੌਰ , ਕਰਮਜੀਤ ਬੀਹਲਾ, ਜਗਰਾਜ ਸਿੰਘ ਹਰਦਾਸਪੁਰਾ, ਛੋਟਾ ਸਿੰਘ, ਪਵਿੱਤਰ ਸਿੰਘ ਲਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਜ਼ਦੂਰਾਂ ਕਿਸਾਨਾਂ ਵੱਲੋਂ ਕਚਾਹਿਰੀ ਚੌਂਕ ਤੱਕ ਰੋਸ਼ ਪ੍ਰਦਰਸਨ ਕੀਤਾ ਗਿਆ। ਜੋਸ਼ ਭਰਪੂਰ ਨਾਹਰਿਆਂ ਨਾਲ ਪ੍ਰਦਰਸ਼ਨ ਦੀ ਸਮਾਪਤੀ ਕੀਤੀ ਗਈ।

Leave a Reply

Your email address will not be published. Required fields are marked *