ਲਹਿਰਾਗਾਗਾ, ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)–ਸੰਗਰੂਰ ਦੇ ਪਿੰਡ ਖੋਖਰ ਕਲਾਂ ਵਿੱਚ ਕਾਮਰੇਡ ਸ਼ਮਸ਼ੇਰ ਸਿੰਘ ਸ਼ੇਰੀ ਦੀ ਯਾਦ ਵਿੱਚ ਕਾਨਫਰੰਸ ਕੀਤੀ ਗਈ। ਜਗਜੀਤ ਸਿੰਘ ਭੁਟਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਅਠਾਰਵੀਂ ਬਰਸੀ ‘ਤੇ ਖੋਖਰ ਕਲਾਂ ਵਿਖੇ ਹੋਈ ਕਾਨਫਰੰਸ ਵਿੱਚ ਸਥਾਨਕ ਪਿੰਡ ਵਾਸੀ , ਇਲਾਕੇ ਦੀਆਂ ਬਹੁਤ ਸਾਰੀਆਂ ਸਨਮਾਨਯੋਗ ਸ਼ਖਸ਼ੀਅਤਾਂ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਲੋਕ ਸੰਗਰਾਮ ਮੋਰਚਾ ਦੇ ਵਰਕਰ ਤੇ ਆਗੂ ਸ਼ਾਮਿਲ ਹੋਏ।
ਸਭ ਤੋਂ ਪਹਿਲਾਂ ਕਾਮਰੇਡ ਸ਼ਮਸ਼ੇਰ ਸ਼ੇਰੀ ਨੂੰ ਸੁਰਜੀਤ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਝੰਡਾ ਨਿਵਾਇਆ, ਸਾਰੇ ਹਾਜਰੀਨ ਨੇ ਦੋ ਮਿੰਟ ਦਾ ਮੋਨ ਧਾਰਿਆ , ਤਾਰਾ ਸਿੰਘ ਛਾਜਲੀ ਨੇ ਸ਼ਰਧਾਂਜਲੀ ਗੀਤ ਗਾਇਆ , ਸ਼ਹੀਦ ਸਾਥੀਆਂ ਦਾ ਪੈਗਾਮ -ਜਾਰੀ ਰੱਖਣਾ ਹੈ ਸੰਗਰਾਮ! ਕਾਮਰੇਡ ਸ਼ਮਸ਼ੇਰ ਸੇਰੀ ਨੂੰ ਲਾਲ ਸਲਾਮ! ਨਾਹਰੇ ਲਾ ਕੇ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਯਾਦਗਰ ਤੇ ਮੁੜ ਝੰਡਾ ਲਹਿਰਾਇਆ ਗਿਆ।
ਸਟੇਜ ਸੰਚਾਲਨ ਜਗਜੀਤ ਭੁਟਾਲ ਤੇ ਤਾਰਾ ਸਿੰਘ ਮੋਗਾ ਨੇ ਕੀਤਾ। ਨਾਮਦੇਵ ਭੁਟਾਲ ਨੇ ਕਾਮਰੇਡ ਸ਼ਮਸ਼ੇਰੀ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ ਕੀਤੀਆਂ ।
ਸੁਖਮੰਦਰ ਸਿੰਘ ਜਰਨਲ ਸਕੱਤਰ ਲੋਕ ਸੰਗਰਾਮ ਮੋਰਚਾ ਨੇ ਕਿਹਾ ਕਿ ਕਾਮਰੇਡ ਸ਼ਮਸ਼ੇਰ ਸੇਰੀ 35 ਵਰੇ ਗੁਪਤਵਾਸ ਰਹਿ ਕੇ ਕ੍ਰਾਂਤੀ ਦੀ ਲੜਾਈ ਲੜਦੇ ਰਹੇ। ਉਸ ਨੇ ਕ੍ਰਾਂਤੀ ਦੀ ਲੜਾਈ ਨੂੰ ਮਜਬੂਤ ਕਰਨ ਲਈ ਭਾਰਤ ਪੱਧਰ ਤੇ ਖਿੰਡੀ ਪੁੰਡੀ ਲਹਿਰ ਨੂੰ ਇਕੱਠਾ ਕਰਨ ਦੇ ਲਈ ਉਭਰਵਾਂ ਰੋਲ ਅਦਾ ਕੀਤਾ। ਉਸ ਦਾ ਇਹ ਪੱਕਾ ਵਿਚਾਰ ਸੀ ਕਿ ਜਨਤਕ ਲਹਿਰਾਂ ਨੂੰ ਆਰਥਿਕਵਾਦ – ਸੁਧਾਰਵਾਦ ਦੀ ਜਿਲਣ ਚੋਂ ਕੱਢਣਾ ਚਾਹੀਦਾ ਹੈ । ਭਾਰਤੀ ਲੁਟੇਰਾ ਰਾਜ ਵੋਟਾਂ ਦੇ ਨਾਲ ਨਹੀਂ ਬਦਲਣਾ। ਹਥਿਆਰਬੰਦ ਘੋਲ ਦੇ ਨਾਲ ਇਹ ਬਦਲਿਆ ਜਾਵੇਗਾ। ਭਾਰਤ ਦੇ ਹਾਕਮ ਉਸਦੀ ਪਾਰਟੀ ਨੂੰ ਇੱਕ ਨੰਬਰ ਦੁਸ਼ਮਣ ਮੰਨਦੇ ਹਨ। ਜੰਗਲੀ ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਆਦਿ ਵਾਸੀ ਅਬਾਦੀ ਹੈ ਉਸਦੀ ਪਾਰਟੀ ਦਾ ਜਿਆਦਾ ਜੋਰ ਹੈ, ਉੱਥੇ ਫੌਜਾਂ ਚਾੜੀਆਂ ਹੋਈਆਂ ਹਨ। ਉੱਥੇ ਰਹਿ ਰਹੇ ਲੋਕਾਂ ਦੇ ਪਿੰਡਾਂ ਤੇ ਬੰਬ ਸੁੱਟੇ ਜਾ ਰਹੇ ਹਨ ਜੰਗਲਾਂ ਪਹਾੜਾਂ ਦੇ ਵਿੱਚ ਭਰਪੂਰ ਖਾਣਿਜ ਪਦਾਰਥਾਂ ਦਾ ਖਜਾਨਾ ਹੈ। ਸਾਮਰਾਜੀ ਕੰਪਨੀਆਂ ਕੌਡੀਆਂ ਦੇ ਭਾਅ ਉਸ ਖਜਾਨੇ ਨੂੰ ਲੁਟਣਾ ਚਾਹੁੰਦੇ ਹਨ, ਸ਼ੇਰੀ ਦੀ ਪਾਰਟੀ ਗਹਿਗੱਚ ਲੜਾਈ ਲੜ ਰਹੀ ਹੈ। ਸ਼ੇਰੀ ਦੀ ਪਾਰਟੀ ਜਗੀਰਦਾਰਾਂ ਤੋਂ ਜਮੀਨ ਖੋਹ ਕੇ ਜਮੀਨਾ ਕਿਸਾਨਾਂ ਨੂੰ ਵੰਡ ਰਹੀ ਹੈ। ਸ਼ੇਰੀ ਦੀ ਪਾਰਟੀ ਲੋਕਾਂ ਦੀ ਪੁੱਗਤ ਵਾਲਾ ਰਾਜ ਲਿਆਉਣ ਲਈ ਜੱਦੋਜਹਿਦ ਕਰ ਰਹੀ ਹੈ।
ਸੁਖਵਿੰਦਰ ਕੌਰ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ)ਨੇ ਕਿਹਾ ਮੋਦੀ ਸਰਕਾਰ ਨੇ ਹਿੰਦੂਤਵੀ ਫਾਸ਼ੀਵਾਦ ਦੇ ਅਜੰਡੇ ਤਹਿਤ ਮਿਹਨਤੀ ਲੋਕਾਂ, ਧਾਰਮਿਕ ਘੱਟ ਗਿਣਤੀਆਂ , ਕੌਮੀਅਤਾਂ ‘ਤੇ ਭਾਰੀ ਹੱਲਾ ਬੋਲਿਆ ਹੋਇਐ ਇਸਦਾ ਖਾਤਮਾ ਵੋਟਾਂ ਨਾਲ ਨਹੀਂ ਲੋਕ ਸ਼ੰਘਰਸ਼ ਰਾਹੀਂ ਹੀ ਸੰਭਵ ਹੈ। ਪ੍ਰਗਟ ਕਾਲਾਝਾੜ ਸੂਬਾ ਆਗੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਹਾ ਜਾਤਪਾਤ ਤੇ ਹਰ ਕਿਸਮ ਦੀ ਨਾ ਬਰਾਬਰੀ ਦਾ ਖਾਤਮਾ ਮਜਦੂਰ ਕਿਸਾਨਾਂ ਦੀ ਇਨਕਲਾਬੀ ਲਹਿਰ ਹੀ ਕਰ ਸਕਦੀ ਹੈ। ਇਸਤੋਂ ਇਲਾਵਾ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸਕੱਤਰ ਧਰਮਪਾਲ ,ਸਾਬਕਾ ਵਿਦਿਆਰਥੀ ਆਗੂ ਅਜੈਬ ਟਿਵਾਣਾ,ਬਿਜਲੀ ਕਾਮਿਆਂ ਦੇ ਆਗੂ ਅੰਗਰੇਜ ਸਿੰਘ ਅਤੇ ਕਾਮਰੇਡ ਸ਼ਮਸ਼ੇਰ ਸੇਰੀ ਦੇ ਪੁਰਾਣੇ ਮਿੱਤਰ ਸੰਪੂਰਣ ਸਿੰਘ ਛਾਜਲੀ ਨੇ ਵੀ ਸੰਬੋਧਨ ਕੀਤਾ। ਦੇਸਰਾਜ ਛਾਜਲੀ, ਗੁਰਪਿਆਰ ਸਿੰਘ ਕਾਲਬਨਜਾਰਾ ਅਤੇ ਤੇਜ ਨਾਹਲਖੋਟੇ ਨੇ ਕਾਮਰੇਡ ਸ਼ੇਰੀ ਦੀ ਬਹਾਦਰੀ ਬਾਰੇ ਗੀਤ ਗਾਏ। ਸਟੇਜ ਤੋਂ ਮਾਸਟਰ ਗੁਰਮੇਲ ਭੁਟਾਲ ਦੀਆਂ ਕਾਮਰੇਡ ਸ਼ੇਰੀ ਬਾਰੇ ਲਿਖੀਆਂ ਕਵਿਤਾਵਾਂ ਰਿਲੀਜ ਕੀਤੀਆਂ ਗਈਆਂ।ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਪ੍ਰੋਗਰਾਮ ਦੀ ਸਮਾਪਤੀ ਹੋਈ।