ਬਰਨਾਲਾ, ਤਪਾ, ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)– ਦੀ ਇਤਿਹਾਸਕ ‘ਰਾਸ਼ਟਰੀ ਹੜਤਾਲ’ ਨੂੰ ਸਫ਼ਲ ਬਣਾਉਣ ਲਈ ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿਲਵਾਂ, ਦਰਾਜ਼, ਭਗਤਪੁਰਾ, ਕਾਹਨੇ ਕੇ, ਜੱਸਾ ਭੈਣੀ, ਛੰਨਾ ਭੈਣੀ, ਪੱਖੋਂ ਕਲਾਂ ਆਦਿ ਪਿੰਡਾਂ ਵਿੱਚ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ ਹਨ।
ਇਹਨਾਂ ਮੀਟਿੰਗਾਂ ਨੂੰ ‘ਟੂਸੀ’ ਦੇ ਸੈਂਟਰ ਕਮੇਟੀ ਮੈਂਬਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ, ਕਿ ਦੇਸ਼ ਅੰਦਰ ਪਿਛਲੀ ਇੱਕ ਸਦੀ ਤੋਂ ਜੋ ਮਜ਼ਦੂਰਾਂ ਨੇ ਆਪਣੇ ਤਿੱਖੇ ਅਤੇ ਖਾੜਕੂ ਘੋਲਾਂ ਰਾਹੀਂ 44 ਕਿਰਤ ਕਾਨੂੰਨ ਬਣਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ ਕਾਰਪੋਰੇਟਾਂ ਅਤੇ ਪੂੰਜੀਪਤੀਆਂ ਦੇ ਦਬਾਅ ਹੇਠ ਆ ਕੇ ਇਹਨਾਂ ਕਿਰਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੋਦੀ ਸਰਕਾਰ ਵੱਲੋਂ ਇਹਨਾਂ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ‘ਚਾਰ ਲੇਬਰ ਕੋਡ’ ਵਿੱਚ ਬਦਲ ਦਿੱਤਾ ਗਿਆ ਹੈ। ਅਸਲ ਵਿੱਚ ਇਹ ਸੋਧਾਂ 1991 ਤੋਂ ਲਾਗੂ ਕੀਤੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਦਾ ਹੀ ਅਟੁੱਟ ਹਿੱਸਾ ਹੈ। ਜਿਨ੍ਹਾਂ ਨੂੰ ਵਰਡ ਬੈਂਕ ਅਤੇ ਡਬਲਿਊ ਟੀ ਓ ਦੇ ਨਿਰਦੇਸ਼ਾਂ ਤਹਿਤ, ਅੱਜ ਪੂਰੀ ਦੁਨੀਆਂ ਦੇ ਵਿਕਾਸਸ਼ੀਲ ਅਤੇ ਨਿਰਭਰ ਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਬਹੁਤ ਰਾਸ਼ਟਰੀ ਕੰਪਨੀਆਂ ਅਤੇ ਕਾਰਪੋਰੇਟਾਂ ਦੇ ਆਰਥਿਕ ਮੰਦਵਾੜੇ ਦਾ ਬੋਝ ਮਜ਼ਦੂਰ ਜਮਾਤ ਅਤੇ ਸਮੁੱਚੀ ਮਾਨਵਤਾ ਦੇ ਮੋਢਿਆਂ ਤੇ ਲੱਦਿਆ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਸੂਬੇ ਦੇ ਵੱਡੇ ਪੂੰਜੀਪਤੀਆਂ ਨੂੰ ਮਾਲੋਮਾਲ ਕਰਨ ਲਈ ਮਜ਼ਦੂਰ ਵਿਰੋਧੀ ਫ਼ੈਸਲੇ ਕਰ ਰਹੀ ਹੈ, ਜਿਸਨੇ 8 ਘੰਟੇ ਦਿਹਾੜੀ ਦਾ ਨਿਯਮ ਖ਼ਤਮ ਕਰਕੇ 12 ਘੰਟੇ ਦਿਹਾੜੀ ਕਰਨ ਲਈ ਮਤੇ ਪਾਸ ਕੀਤੇ ਗਏ ਹਨ। ਜਿਸਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ। ਆਗੂਆਂ ਵੱਲੋਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ – ਮਜ਼ਦੂਰ ਜਥੇਬੰਦੀਆਂ, ਟ੍ਰੇਡ ਯੂਨੀਅਨਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 9 ਜੁਲਾਈ ਦੀ ਇਤਿਹਾਸਕ ਰਾਸ਼ਟਰੀ ਹੜਤਾਲ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਇਕਜੁੱਟਤਾ ਕਾਇਮ ਕਰੋ। ਕਿਉਂ ਕਿ ਇਹ ਸਭ ਤੋਂ ਵੱਡਾ ਜਨਤਕ ਅੰਦੋਲਨ ਹੈ, ਇਹ ਅੰਦੋਲਨ ਭਾਰਤ ਦੇ ਲੁਟੇਰੇ – ਬੇਈਮਾਨ ਰਾਜਨੀਤਕ ਦ੍ਰਿਸ਼ ਨੂੰ ਵੀ ਬਦਲਣ ਵਾਸਤੇ ਸਹਾਈ ਹੋ ਸਕਦਾ ਹੈ। ਮੀਟਿੰਗਾਂ ਨੂੰ ਹੋਰਨਾਂ ਤੋਂ ਇਲਾਵਾ ਸੁਖਬੀਰ ਸਿੰਘ ਢਿੱਲਵਾਂ, ਗੁਰਮੇਲ ਸਿੰਘ ਪੱਖੋਕਲਾਂ, ਹਰਬੰਸ ਸਿੰਘ ਕਾਹਨੇ ਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ।



