ਜ਼ਿਲ੍ਹੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ

ਗੁਰਦਾਸਪੁਰ

ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੀ ਸੰਭਾਲ ਲਈ ਵੀ ਕੀਤੀਆਂ ਵਿਚਾਰਾਂ

ਗੁਰਦਾਸਪੁਰ, 24 ਜੂਨ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਸੁਸਾਇਟੀ ਦੇ ਕੰਮਾਂ ਅਤੇ ਛੋਟਾ ਘੱਲੂਘਾਰਾ ਮੈਮੋਰੀਅਲ ਕਾਹਨੂੰਵਾਨ ਦੇ ਪੈਡਿੰਗ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਐੱਸ.ਡੀ.ਐੱਮ. ਗੁਰਦਾਸਪੁਰ ਮਨਜੀਤ ਸਿੰਘ ਰਾਜਲਾ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ, ਪ੍ਰੋ. ਰਾਜ ਕੁਮਾਰ ਸ਼ਰਮਾ, ਪ੍ਰੋ. ਬਲਬੀਰ ਸਿੰਘ ਕੋਲਾ, ਸੁਖਜਿੰਦਰ ਸਿੰਘ ਬਟਾਲਾ, ਡਾ. ਐੱਸ.ਕੇ. ਮੋਦਗਿੱਲ, ਪ੍ਰਿੰਸ ਪਾਲ ਸਿੰਘ, ਪਵਨ ਕੁਮਾਰ, ਪ੍ਰੋ. ਸਤਨਾਮ ਸਿੰਘ, ਹਰਪ੍ਰੀਤ ਸਿੰਘ, ਪ੍ਰੋ. ਫੂਲਨ ਅੱਤਰੀ, ਡਾ. ਗੁਰਸਿਮਰਨਜੀਤ ਸਿੰਘ ਗਿੱਲ, ਐਕਸੀਅਨ ਜਸਪ੍ਰੀਤ ਸਿੰਘ, ਡਾ. ਐੱਚ.ਐੱਸ. ਕੰਗ ਉੱਪ ਭੂਮੀ ਰੱਖਿਆ ਅਫ਼ਸਰ, ਹਰਮਨਪ੍ਰੀਤ ਸਿੰਘ, ਦਮਨਜੀਤ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਛੋਟਾ ਘੱਲੂਘਾਰਾ ਮੈਮੋਰੀਅਲ ਕਾਹਨੂੰਵਾਨ ਦੇ ਸਿਵਲ ਵਰਕ ਦੀ ਰਿਪੇਅਰ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਵੀ ਰਿਪੇਅਰ ਦੇ ਕੰਮ ਕਰਨ ਵਾਲੇ ਹਨ ਉਨ੍ਹਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੈਮੋਰੀਅਲ ਵਿੱਚ ਬਿਜਲੀ ਨਾਲ ਸਬੰਧਿਤ ਰਿਪੇਅਰ ਵਰਕ ਨੂੰ ਮੁਕੰਮਲ ਕਰਨ ਅਤੇ ਬਾਥਰੂਮਾਂ ਦੀ ਮੁਰੰਮਤ ਅਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ। ਮੀਟਿੰਗ ਦੌਰਾਨ ਮੈਮੋਰੀਅਲ ਵਿਖੇ ਲੱਗੇ ਬੁੱਤਾਂ ਨੂੰ ਪਾਲਿਸ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮੈਮੋਰੀਅਲ ਵਿਖੇ ਲੱਗੇ ਵੇਰਕਾ ਬੂਥ ਨੂੰ ਚਾਲੂ ਕਰਨ ਲਈ ਵੀ ਕਿਹਾ ਗਿਆ। ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਅਮੀਰ ਇਤਿਹਾਸਕ, ਧਾਰਮਿਕ, ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਇਸਦਾ ਪ੍ਰਚਾਰ-ਪ੍ਰਸਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਮੁਫ਼ਤ ਯਾਤਰਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਸੁਸਾਇਟੀ ਨੂੰ ਇਸ ਸਬੰਧੀ ਖਾਕਾ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਮੀਟਿੰਗ ਦੌਰਾਨ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਦੀ ਇਮਾਰਤ, ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਅਤੇ ਬੇਰਿੰਗ ਕਾਲਜ ਸਥਿਤ ਮਹਾਰਾਜਾ ਸ਼ੇਰ ਸਿੰਘ ਦੇ ਪੈਲੇਸ ਦੀ ਸੰਭਾਲ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਆਪਣੀਆਂ ਗਤੀਵਿਧੀਆਂ ਦਾ ਕਲੰਡਰ ਤਿਆਰ ਕਰਕੇ ਉਸ ਅਨੁਸਾਰ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।

Leave a Reply

Your email address will not be published. Required fields are marked *