ਪੰਜਾਬ ਸਰਕਾਰ ਵੱਲੋਂ ਵੱਡੇ ਉਦਯੋਗਪਤੀਆਂ ਨੂੰ ਰਜਿਸਟ੍ਰੇਸ਼ਨ ਤੋਂ ਛੋਟ ਦੇਣ ਨਾਲ ਮਜ਼ਦੂਰਾਂ ਦੀ ਲੁੱਟ ਹੋਰ ਤਿੱਖੀ ਹੋਵੇਗੀ
ਮੌੜ ਮੰਡੀ, ਗੁਰਦਾਸਪੁਰ 17 ਜੂਨ (ਸਰਬਜੀਤ ਸਿੰਘ)– ਅੱਜ ਇੱਥੋਂ ਨੇੜਲੇ ਪਿੰਡ ਥੰਮਣਗੜ੍ਹ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਜਿਸਨੂੰ ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਦਿਨੋਂ ਦਿਨ ਤਰਸਯੋਗ ਬਣਦੀ ਜਾ ਰਹੀ ਹੈ, ਮਜ਼ਦੂਰਾਂ ਨੂੰ ਕਿਤੇ ਵੀ ਸੌ ਦਿਨ ਦਾ ਕੰਮ ਨਹੀਂ ਮਿਲ ਰਿਹਾ।ਗ਼ਰੀਬੀ,ਮਹਿੰਗਾਈ ਅਤੇ ਬੇਰੁਜ਼ਗਾਰੀ ਛੜੱਪੇ ਮਾਰਕੇ ਵਧ ਰਹੀ ਹੈ। ਆਪ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮਨਰੇਗਾ ਦੇ ਕੰਮਾਂ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਕਰਕੇ ਮਨਮਰਜ਼ੀ ਦੇ ਨਾਲ ਮੇਟ ਬਦਲੇ ਜਾ ਰਹੇ ਹਨ, ਜਿਸ ਨਾਲ ਮਨਰੇਗਾ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਵਧਦਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਸਮੇਂ ਮਜ਼ਦੂਰਾਂ ਨਾਲ ਜੋ ਵਾਅਦੇ ਕੀਤੇ ਸਨ, ਇੱਕ ਵੀ ਮੰਗ ਤੇ ਅਮਲ ਨਹੀਂ ਕੀਤਾ ਗਿਆ। ਮੋਦੀ ਵੱਲੋਂ ਕਿਰਤ ਕਾਨੂੰਨ ਖ਼ਤਮ ਕਰਕੇ ਜੋ ਚਾਰ ਲੇਬਰ ਕੋਡ ਪਾਸ ਕੀਤੇ ਗਏ ਹਨ , ਭਗਵੰਤ ਮਾਨ ਉਹਨਾਂ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਪੰਜਾਬ ਵਿੱਚ ਅੱਠ ਘੰਟੇ ਦਿਹਾੜੀ ਦਾ ਨਿਯਮ ਖ਼ਤਮ ਕਰਕੇ 12 ਘੰਟੇ ਲਾਗੂ ਕਰਨ ਲਈ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੱਖਾਂ ਉਦਯੋਗਪਤੀਆਂ ਨੂੰ ਰਜਿਸਟ੍ਰੇਸ਼ਨ ਅਤੇ ਰਿਕਾਰਡ ਰੱਖਣ ਤੋਂ ਛੋਟ ਦੇਣ ਨਾਲ ਮਜ਼ਦੂਰਾਂ ਨੂੰ ਸੌ ਸਾਲ ਪਿੱਛੇ ਦੀ ਗ਼ੁਲਾਮੀ ਵੱਲ ਧੱਕ ਦਿੱਤਾ ਜਾਵੇਗਾ, ਜਿਸ ਨਾਲ ਮਜ਼ਦੂਰਾਂ ਦੀ ਲੁੱਟ ਹੋਰ ਵਧੇਗੀ। ਅਮਰੀਕਾ -ਇਜ਼ਰਾਈਲ ਗੱਠਜੋੜ ਵੱਲੋਂ ਮਿਲਕੇ ਫ਼ਲਸਤੀਨ ਅਤੇ ਇਰਾਨ ਉੱਤੇ ਜੋ ਹਵਾਈ ਹਮਲੇ ਕਰਕੇ ਓਥੋਂ ਦੀ ਜਨਤਾ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਆਗੂਆਂ ਵੱਲੋਂ ਇਸਦੀ ਜ਼ੋਰਦਾਰ ਨਿੰਦਿਆ ਕਰਦਿਆਂ ਫ਼ਲਸਤੀਨੀ ਲੋਕਾਂ ਦੇ ਨਾਲ ਆਪਣੀ ਇੱਕ ਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਨਿਹੱਕੀ ਜੰਗ ਵਿੱਚ ਹਰ ਰੋਜ਼ ਬੱਚੇ, ਔਰਤਾਂ ਅਤੇ ਆਮ ਜਨਤਾ ਮਾਰੀ ਜਾ ਰਹੀ ਹੈ। ਇਸ ਜੰਗ ਵਿੱਚ ਹੁਣ ਤੱਕ 61700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਫ਼ਲਸਤੀਨ ਅਤੇ ਗਾਜ਼ਾ ਪੱਟੀ ਵਿੱਚ ਵੱਡੇ ਪੱਧਰ ‘ਤੇ ਕਾਲ਼ ਅਤੇ ਭੁਖਮਰੀ ਦੀ ਸਥਿੱਤੀ ਬਣ ਗਈ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਗੱਠਜੋੜ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।



