ਗੁਰਦਾਸਪੁਰ, 12 ਜੂਨ (ਸਰਬਜੀਤ ਸਿੰਘ)- ਇਜ਼ਰਾਈਲ ਵਲੋਂ ਫ਼ਲਸਤੀਨੀਆਂ ਦਾ ਜ਼ਿਓਨਵਾਦੀ ਨਸਲੀ ਸਫ਼ਾਇਆ ਅੱਜ ਇੱਕ ਡਰਾਉਣੀ ਹਕੀਕਤ ਬਣ ਚੁੱਕਾ ਹੈ। ਇਜ਼ਰਾਈਲ ਵਲੋਂ ਲਗਾਤਾਰ ਗੋਲੀਬਾਰੀ, ਬੰਬਾਰੀ ਅਤੇ ਸਮੂਹਿਕ ਕਤਲੇਆਮ ਦੇ ਕਾਰਣ ਅੱਜ ਅਮਰੀਕਾ ਅਤੇ ਜ਼ਿਓਨਵਾਦੀ ਇਜ਼ਰਾਈਲ ਗੱਠਜੋੜ ਗਾਜ਼ਾ ਦੀ 2.1 ਮਿਲੀਅਨ ਆਬਾਦੀ ਨੂੰ ਖ਼ਤਮ ਕਰਨ ਦੇ ਰਾਹ ਤੁਰਿਆ ਹੋਇਆ ਹੈ ਅਤੇ ਓਥੋਂ ਦੇ ਬੱਚਿਆਂ, ਔਰਤਾਂ ਅਤੇ ਆਮ ਲੋਕਾਂ ਦੀ ਭੁਖਮਰੀ ਨੂੰ ਹਥਿਆਰ ਦੇ ਤੌਰ ‘ਤੇ ਵਰਤ ਰਿਹਾ ਹੈ। ਕਾਲ਼ ਅਤੇ ਭੁਖਮਰੀ ਦੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਸੰਯੁਕਤ ਰਾਸ਼ਟਰ ਵੱਲੋਂ ਵਾਰ ਵਾਰ ਦਿੱਤੀ ਜਾ ਰਹੀ ਚੇਤਾਵਨੀ ਦੇ ਬਾਵਜੂਦ ‘ਨੇਤਨਯਾਹੂ ਸ਼ਾਸ਼ਨ’ ਸੰਯੁਕਤ ਰਾਸ਼ਟਰ ਅਤੇ ਮਾਨਤਾ ਪ੍ਰਾਪਤ ਏਜੰਸੀਆਂ ਵੱਲੋਂ ਭੋਜ਼ਨ ਸਮੱਗਰੀ ਪਹੁੰਚਾਉਣ ਦੇ ਕਾਰਜ਼ਾਂ ਵਿੱਚ ਵੀ ਅੜਿੱਕਾ ਡਾਹ ਰਿਹਾ ਹੈ। ਇੱਥੋਂ ਤੱਕ ਕਿ ਇਜ਼ਰਾਈਲੀ ਸੈਨਾਂ ਵੱਲੋਂ ਭੋਜ਼ਨ ਸਮੱਗਰੀ,ਦੀਵਾਈਆਂ ਅਤੇ ਮਨੁੱਖੀ ਲੋੜਾਂ ਲਈ ਲੋੜੀਂਦੀਆਂ ਵਸਤੂਆਂ ਨਾਲ ਭਰੇ 600 ਟਰੱਕ ਕਈ ਦਿਨਾਂ ਤੋਂ ਗਾਜ਼ਾ ਪੱਟੀ ਸਰਹੱਦ ਦੇ ਬਾਹਰ ਜ਼ਬਰੀ ਰੋਕ ਦਿੱਤੇ ਗਏ ਹਨ, ਉਹਨਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਹੈ। ਬਹੁਤ ਘੱਟ ਮਾਤਰਾ ਵਿੱਚ ਭੋਜਨ ਅਤੇ ਹੋਰ ਸਮਾਨ ਭੇਜਿਆ ਜਾ ਰਿਹਾ ਹੈ, ਜੋ ਆਟੇ ‘ਚ ਲੂਣ ਦੇ ਬਰਾਬਰ ਹੈ। ਅਜਿਹਾ ਕੁੱਝ ਦੁਨੀਆਂ ਦੇ ਅੱਖਾਂ ਵਿੱਚ ਘੱਟਾ ਪਾਉਣ ਤੋਂ ਵੱਧ ਕੁੱਝ ਨਹੀਂ। ਗਾਜ਼ਾ ਦੇ ਫ਼ਲਸਤੀਨੀ ਲੋਕ ਪਹਿਲਾਂ ਹੀ ਵੱਡੇ ਪੱਧਰ ‘ਤੇ ਭੁਖਮਰੀ ਦੇ ਨਾਲ ਘੁਲਣ ਲਈ ਸਰਾਪੇ ਹੋਏ ਹਨ। ਇਜ਼ਰਾਈਲ ਵੱਲੋਂ ਇੱਕ ਪਾਸੇ ‘ਸੰਯੁਕਤ ਰਾਸ਼ਟਰ’ ਅਤੇ ਦੁਨੀਆਂ ਦੀਆਂ ਸਹਾਇਕ ਏਜੰਸੀਆਂ ਦੇ ਕਾਰਜ਼ਾਂ ਨੂੰ ਬਲੌਕ ਕਰਕੇ ਰੱਖ ਦਿੱਤਾ ਹੈ, ਦੂਜੇ ਪਾਸੇ ਅਮਰੀਕਾ -ਇਜ਼ਰਾਈਲ ਗੱਠਜੋੜ ਨੇ ਗਾਜ਼ਾ ਵਿੱਚ ਖ਼ੁਦ ਸਹਾਇਤਾ ਵੰਡਣ ਦੇ ਨਾਂ ‘ਤੇ ਇੱਕ ਹੋਰ ਸਹਾਇਕ ਸੰਗਠਨ “ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ” (GHF) ਨੂੰ ਤਿਆਰ ਕਰਕੇ ਸਹਾਇਤਾ ਸੰਗਠਨ ਵਜੋਂ ਅੱਗੇ ਲਾਇਆ ਹੋਇਆ ਹੈ। ਉਸ ਵੱਲੋਂ ਭੁੱਖੇ -ਤਿਹਾਏ ਲੋਕਾਂ ਨੂੰ ਨਿਸ਼ਾਨੇ ਤੇ ਰੱਖਕੇ ਅਤੇ ਉਹਨਾਂ ਦਾ ਵਿਨਾਸ਼ ਕਰਨ ਲਈ ਅਣਮਨੁੱਖੀ ਫਾਸ਼ੀਵਾਦੀ ਜ਼ਾਲ ਦੇ ਰੂਪ ‘ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਅਮਰੀਕੀ ਸੁਰੱਖਿਆ ਠੇਕੇਦਾਰਾਂ, ਇਜ਼ਰਾਈਲੀ ਵਪਾਰੀਆਂ ਅਤੇ ਅਧਿਕਾਰੀਆਂ ਰਾਹੀਂ ਅਯੋਜਿਤ ਜੀ ਐਚ ਐਫ਼ ਦਾ ਅਸਲੀ ਨਿਸ਼ਾਨਾ ਸੰਯੁਕਤ ਰਾਸ਼ਟਰ ਨਾਲ਼ ਸਬੰਧਤ ਏਜੰਸੀਆਂ ਤੋਂ ਖੁਰਾਕ ਵੰਡ ਦੇ ਕਾਰਜ਼ਾਂ ਨੂੰ ਖੋਹਕੇ ਆਪਣੇ ਹੱਥਾਂ ਵਿੱਚ ਲੈਣ ਦਾ ਢੰਗ ਹੈ। ਜਦੋਂ ਕਿ ਸੰਯੁਕਤ ਰਾਸ਼ਟਰ ਅਤੇ ਦੂਜੀਆਂ ਸਹਾਇਕ ਏਜੰਸੀਆਂ ਵੱਲੋਂ ਜੀ ਐਚ ਐਫ਼ ਦੁਆਰਾ ਅਪਣਾਈ ਗਈ ਪਹੁੰਚ ਅਤੇ ਇਥੋਂ ਤੱਕ ਕਿ ਉਸਦੇ ਢੰਗ ਤਰੀਕਿਆਂ ਉੱਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ। ਜਿਵੇਂ ਦੱਸਿਆ ਜਾ ਰਿਹਾ ਹੈ, ਕਿ ਸਹਾਇਤਾ ਵੰਡ ਕਰਦੇ ਸਮੇਂ ਜੀ ਐਚ ਐਫ਼ ਇੱਕ ‘ਸੁਰੱਖਿਆ ਏਜੰਸੀ’ ਦੀ ਤਰ੍ਹਾਂ ਕੰਮ ਕਰ ਰਹੀ ਹੈ। ਜੋ ਭੁੱਖੇ -ਤਿਹਾਏ ਲੋਕਾਂ ਨੂੰ ਸੁਰੱਖਿਆ ਜਾਂਚ ਕਰਵਾਉਣ ਦੀ ਪ੍ਰਕਿਰਿਆ ਦੇ ਅਧੀਨ ਵਰਤਾਓ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਲੈਕਟ੍ਰੋਨਿਕ ਗੇਟ ਰਾਹੀਂ ਨਿਕਲਣ ਲਈ ਮਜਬੂਰ ਕੀਤਾ ਜਾ ਰਿਹਾ, ਜੋ ਮਾਨਵਿਤਾ ਦੇ ਸਿਧਾਂਤਾਂ ਦੀ ਸ਼ਰੇਆਮ ਉਲੰਘਣਾ ਹੈ। ਜੀ ਐਚ ਐਫ਼ ਦੇ ਕੰਟਰੋਲ ਅਧੀਨ ਸਹਾਇਤਾ ਵੰਡ ਕੇਂਦਰਾਂ ਵਿੱਚ ਸਹਾਇਤਾ ਲਈ ਇਕੱਠੇ ਹੋਏ ਭੁੱਖ ਨਾਲ ਸਤਾਏ ਫ਼ਲਸਤੀਨੀਆਂ ਦੀ ਭੀੜ ਉੱਤੇ ਗੋਲੀਬਾਰੀ ਦੀਆਂ ਅਨੇਕਾਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਇਸ ਪ੍ਰਕਿਰਿਆ ਤਹਿਤ ਅਮਰੀਕਾ -ਇਜ਼ਰਾਈਲ ਗੱਠਜੋੜ ਫ਼ਲਸਤੀਨੀਆਂ ਨੂੰ ਸਹਾਇਤਾ/ਰਾਹਤ ਪਹੁੰਚਣ ਨੂੰ ਬਹੁਤ ਸੀਮਤ ਕਰ ਰਿਹਾ ਹੈ। ਹੁਣ ਤੱਕ ਇਹ ਸਪੱਸ਼ਟ ਹੋ ਚੁੱਕਾ ਹੈ, ਕਿ ਗਾਜ਼ਾ ਵਿੱਚ ਤੈਨਾਤ ਜੀ ਐਚ ਐਫ਼ ਅਮਰੀਕੀ ਅਤੇ ਇਜ਼ਰਾਈਲੀਆਂ ਦੀ ਇੱਕ ਨਿੱਜੀ ਸੁਰੱਖਿਆ ਸ਼ਾਖਾ ਹੈ। ਹੁਣ ਅੰਤਰਰਾਸ਼ਟਰੀ ਏਜੰਸੀਆਂ ਨੇ , ਸਹਾਇਤਾ ਵੰਡਣ ਦੀ ਆੜ ਹੇਠ ਖੜ੍ਹੀ ਕੀਤੀ ਜੀ ਐਚ ਐਫ਼ ਦੇ ਠਿਕਾਣਿਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਮਈ ਦੇ ਆਖ਼ਰੀ ਹਫ਼ਤੇ ਗਾਜ਼ਾ ‘ਚ ਇਜ਼ਰਾਈਲੀ ਹਮਲਿਆਂ ਕਾਰਨ 52 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਉਹਨਾਂ ਦੀ ਹੈ, ਜਿਨ੍ਹਾਂ ਨੇ ਸਕੂਲ ਵਿੱਚ ਪਨਾਹ ਲਈ ਹੋਈ ਸੀ। 1 ਜੂਨ 2025 ਨੂੰ ਰਾਫ਼ਾਹ ਅਤੇ ਨੇਤਜ਼ਾਰਿਮ ਕੋਰੀਡੋਰ ਦੇ ਆਸ ਪਾਸ ਭੋਜਨ ਲੈਣ ਲਈ ਇਕੱਠੇ ਹੋਏ 36 ਭੁੱਖੇ ਪਿਆਸੇ ਲੋਕਾਂ ਨੂੰ ‘ਜ਼ਿਓਨਵਾਦੀ ਇਜ਼ਰਾਈਲੀ ਸੈਨਾ’ ਵੱਲੋਂ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਹੈ। ਪਿਛਲੇ 20 ਮਹੀਨਿਆਂ ਤੋਂ ਲੈਕੇ ਹੁਣ ਤੱਕ ਇਜ਼ਰਾਈਲੀ ਜਿਓਨਵਾਦੀਆਂ ਵੱਲੋਂ ਚਲਾਈ ਜਾ ਰਹੀ ਸਮੂਹਿਕ ਕਤਲਾਂ ਦੀ ਲੜੀ ਬਹੁਤ ਲੰਬੀ ਹੈ। ਗਾਜ਼ਾ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ 8 ਅਕਤੂਬਰ 2023 ਤੋਂ ਲੈਕੇ ਹੁਣ ਤੱਕ 61700 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। 124054 ਫ਼ਲਸਤੀਨੀ ਲੋਕ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਬੱਚਿਆਂ, ਔਰਤਾਂ, ਪੱਤਰਕਾਰਾਂ ਅਤੇ ਸਿਹਤ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜਿਓਨਵਾਦੀ ਸਮੂਹਿਕ ਕਤਲੇਆਮ ਅੱਜ ਵੀ ਜਾਰੀ ਹੈ। 10 ਜੂਨ (ਮੰਗਲਵਾਰ) ਦੀਆਂ ਰਿਪੋਰਟਾਂ ਅਨੁਸਾਰ ਰਾਹਤ ਸਮੱਗਰੀ ਲੈਣ ਵਾਲਿਆਂ ਉੱਤੇ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਤਿੰਨ ਦਰਜ਼ਨ ਦੇ ਕਰੀਬ ਲੋਕ ਮਾਰੇ ਗਏ ਅਤੇ 207 ਗੰਭੀਰ ਜ਼ਖ਼ਮੀ ਹੋ ਗਏ ਹਨ। ਇਹਨਾਂ ਘਟਨਾਵਾਂ ਦੇ ਸੰਧਰਭ ਵਿੱਚ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਅਮਰੀਕਾ ਅਤੇ ਬ੍ਰਿਟੇਨ ਦੁਆਰਾ ਰਚੀ ਗਈ ਸਾਜ਼ਿਸ਼ ਦੇ ਤਹਿਤ ਫ਼ਲਸਤੀਨ ਨੂੰ ਕੁਚਲਣ ਲਈ ‘ਇਜ਼ਰਾਈਲੀ ਜਿਓਨੀ ਰਾਜ’ ਨੂੰ ਅਮਰੀਕੀ ‘ਫ਼ੌਜੀ ਚੌਂਕੀ’ ਦੇ ਰੂਪ ‘ਚ ਸਥਾਪਤ ਕੀਤਾ ਗਿਆ ਸੀ। ਓਦੋਂ ਤੋਂ ਲੈਕੇ ਇਜ਼ਰਾਈਲ ਦਾ ਪੂਰਾ ਇਤਿਹਾਸ ਹੱਤਿਆ, ਸਮੂਹਿਕ ਕਤਲੇਆਮ ਅਤੇ ਅੱਤਵਾਦ ਦੇ ਨਾਲ ਭਰਿਆ ਪਿਆ ਹੈ। ਇਜ਼ਰਾਈਲ ਰਾਜ਼ ਦਾ ਅਸਲੀ ਕਿਰਦਾਰ ‘ਬੇਰਹਿਮ ਬਸਤੀਵਾਦ’ ਦੇ ਨਾਲ ਮਿਲਦਾ ਜੁਲਦਾ ਹੈ, ਜਿਸਦੇ ਪਿੱਛੇ ਸਿੱਧੇ ਤੌਰ ‘ਤੇ ਅਮਰੀਕਾ ਖੜ੍ਹਾ ਹੈ। ਅਮਰੀਕਾ ਦੇ ਦਬਦਬੇ ਦਾ ਇਤਿਹਾਸ ਵੀ ਇਹੀ ਰਿਹਾ ਹੈ। ਜਿਸਨੇ ਨਿਰਦੋਸ਼ ਮੂਲ ਨਿਵਾਸੀ ਅਮਰੀਕੀਆਂ ਦਾ ਕਤਲੇਆਮ ਕਰਕੇ , ਕਿਵੇਂ ਵਿਨਾਸ਼ ਲੀਲ੍ਹਾ ਨੂੰ ਅੰਜ਼ਾਮ ਦਿੱਤਾ ਸੀ। ਉਸੇ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਜ਼ਰਾਈਲ ਨੂੰ ਫ਼ਲਸਤੀਨ ਦੀ ਸਰ ਜ਼ਮੀਨ ਉੱਤੇ ਜ਼ਬਰੀ ਵਸਾਕੇ ਅੱਜ ਤੱਕ ਓਥੋਂ ਦੇ ਮੂਲ ਨਿਵਾਸੀ ਫ਼ਲਸਤੀਨੀਆਂ ਦਾ ਯੋਜਨਾਵੱਧ ਵਿਨਾਸ਼/ ਸਫ਼ਾਇਆ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਯੁੱਧ ਅਪਰਾਧੀ ਇਜ਼ਰਾਈਲ ਨੂੰ ਅਮਰੀਕੀ ਨਵ-ਬਸਤੀਵਾਦੀਆਂ ਦਾ ਸਮਰਥਨ ਪ੍ਰਾਪਤ ਹੈ, ਜੋ ਸਾਮਰਾਜਵਾਦੀ ਤਾਕਤਾਂ ਦਾ ਮੁੱਖ ਸਰਗਣਾ ਹੈ। ਭਾਵੇਂ ਇਹ ਆਰਥਿਕ ਮੰਦੀ ਦੇ ਦੌਰ ਵਿੱਚ ਹੈ, ਫਿਰ ਵੀ ‘ਨਵ ਬਸਤੀਵਾਦੀਆਂ’ ਦੇ ਲਈ ਅਮਰੀਕੀ – ਇਜ਼ਰਾਈਲ ਗੱਠਜੋੜ ਮਜ਼ਬੂਤ ਅਤੇ ਬੁਨਿਆਦੀ ਅਧਾਰ ਮਹੱਈਆ ਕਰਦਾ ਹੈ। ਇਸ ਲਈ ਅੱਜ ਜ਼ਿਓਨਵਾਦੀ ਇਜ਼ਰਾਈਲੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਕੇਵਲ ਬਿਆਨ ਹੀ ਕਾਫੀ ਨਹੀਂ ਹਨ, ਨਵ – ਫਾਸ਼ੀਵਾਦੀ ਸੰਦਰਭ ਵਿੱਚ ਜਿਵੇਂ ਭਾਰਤ ਸਮੇਤ ਕਈ ਦੇਸ਼ਾਂ ਦੇ ਇਜ਼ਰਾਈਲੀ ਸ਼ਾਸ਼ਨ ਨਾਲ਼ ਆਰਥਿਕ ਅਤੇ ਫ਼ੌਜੀ ਸਬੰਧ ਬਣੇ ਹੋਏ ਹਨ। ਹਰ ਦੇਸ਼ ਵਿੱਚ ਓਥੋਂ ਦੇ ਲੋਕਤੰਤਰਿਕ ਅਤੇ ਪ੍ਰਗਤੀਸ਼ੀਲ ਤਬਕਿਆਂ ਨੂੰ ਚਾਹੀਦਾ ਹੈ ਕਿ ਆਪਣੇ -2 ਦੇਸ਼ਾਂ ਦੀਆਂ ਸਰਕਾਰਾਂ ਉੱਤੇ ਜ਼ੋਰ ਪਾਇਆ ਜਾਵੇ ਕਿ ਉਹ ਇਜ਼ਰਾਈਲ ਸ਼ਾਸ਼ਨ ਨਾਲੋਂ ਆਪਣੇ ਕੂਟਨੀਤਕ ਸਬੰਧ ਖ਼ਤਮ ਕਰਨ। ਸਮਾਂ ਇਹ ਵੀ ਮੰਗ ਕਰਦਾ ਹੈ, ਕਿ ਜਿਓਨਵਾਦੀ ਇਜ਼ਰਾਈਲੀ ਸ਼ਾਸ਼ਨ ਨੂੰ ਪਿੱਛੇ ਹਟਾਉਣ ਲਈ ਵਿਸ਼ਵ ਪੱਧਰੀ ਸਾਂਝੇ ਕਦਮ ਉਠਾਏ ਜਾਣ। ਜਿਨ੍ਹਾਂ ਵਿੱਚ ਆਰਥਿਕ ਨਾਕੇਬੰਦੀ, ਵਪਾਰ ਕਰਨ ਤੇ ਰੋਕ, ਇਜ਼ਰਾਈਲੀ ਵਸਤੂਆਂ ਦਾ ਬਾਈਕਾਟ, ਕੂਟਨੀਤਕ ਸਬੰਧਾਂ ਵਿੱਚ ਕਟੌਤੀ ਅਤੇ ਇਜ਼ਰਾਈਲੀ ਹਥਿਆਰਾਂ ਦੀ ਵਿਕਰੀ ਉੱਤੇ ਪਾਬੰਦੀ ਆਦਿ ਮੰਗ ਨੂੰ ਲੈਕੇ ਤਿੱਖੇ ਸੰਘਰਸ਼ ਲਈ ਪਹਿਲ ਕਦਮੀ ਕੀਤੀ ਜਾਵੇ। ਅਜਿਹੀ ਪਹਿਲ ਕਦਮੀ ਰਾਹੀਂ ਅਮਰੀਕੀ -ਇਜ਼ਰਾਈਲ ਗੱਠਜੋੜ ਨੂੰ ਤੋੜਨ ਲਈ ਅਤੇ ਵਿਸ਼ਵ ਪੱਧਰ ‘ਤੇ ਇੱਕਜੁੱਟਤਾ ਕਾਇਮ ਕਰਕੇ ਫ਼ਲਸਤੀਨੀਆਂ ਦੇ ਕਤਲੇਆਮ ਨੂੰ ਰੋਕਣ ਲਈ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਫ਼ਲਸਤੀਨੀਆਂ ਦੇ ਮੁਕਤੀ ਸੰਘਰਸ਼ ਦੀ ਹਮਾਇਤ ਕੀਤੀ ਜਾਵੇ।


