ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਮੰਗ- ਲਾਭ ਅਕਲੀਆ
ਬਰਨਾਲਾ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)– ਸੰਗਰੂਰ ਦੇ ਨੇੜੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਵੱਲੋਂ ਰਜਵਾੜਿਆਂ ਦੇ ਨਜਾਇਜ਼ ਕਬਜ਼ੇ ਹੇਠਲੀ 936 ਏਕੜ ਜ਼ਮੀਨ ਨੂੰ ਸੰਵਿਧਾਨ ਦੀ ਧਾਰਾ ਲੈਂਡ ਸੀਲਿੰਗ ਐਕਟ ਦੇ ਤਹਿਤ ਵਾਧੂ ਜ਼ਮੀਨ ਗ਼ਰੀਬ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਨੂੰ ਲੈਕੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰਾਂ ਉੱਪਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੱਡਾ ਹਮਲਾ ਕੀਤਾ ਗਿਆ ਅਤੇ ਬੇਜ਼ਮੀਨੇ ਹਜ਼ਾਰਾਂ ਮਰਦਾਂ ਅਤੇ ਗ਼ਰੀਬ ਔਰਤਾਂ ਨੂੰ ਗਿਰਫ਼ਤਾਰ ਕਰਕੇ ਕਰਕੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਅਤੇ ਝੂਠੇ ਪਰਚੇ ਦਰਜ਼ ਕਰ ਦਿੱਤੇ ਹਨ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਵੱਲੋਂ ਇਸ ਅਣਮਨੁੱਖੀ ਅਤੇ ਨਿਰਦਈ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਆਗੂ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਰਾਜ ਕਰਨ ਵਾਲੀਆਂ ਹਾਕਮ ਜਮਾਤ ਦੀਆਂ ਵੱਖ ਵੱਖ ਪਾਰਟੀਆਂ ਦੀ ਤਰ੍ਹਾਂ ਹੀ ਭਗਵੰਤ ਮਾਨ ਸਰਕਾਰ ਵੀ ਓਸੇ ਰਾਹ ‘ਤੇ ਚੱਲ ਰਹੀ ਹੈ ਅਤੇ ਆਮ ਲੋਕਾਂ ਤੇ ਜ਼ਬਰ ਕਰ ਰਹੀ ਹੈ। ਪਾਰਟੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾ ਸਮੇਂ ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਵਰਗਾਂ ਦੇ ਨਾਲ ਹਜ਼ਾਰਾਂ ਝੂਠ ਬੋਲਕੇ ਸ਼ਹੀਦ ਭਗਤ ਸਿੰਘ ਅਤੇ ਡਾ ਅੰਬੇਡਕਰ ਦੇ ਰਾਹ ਤੇ ਚੱਲਣ ਦਾ ਦਾਅਵਾ ਕੀਤਾ ਸੀ ਅਤੇ ਵੋਟਾਂ ਬਟੋਰ ਲਈਆਂ ਸਨ। ਭਾਰਤੀ ਸੰਵਿਧਾਨ ਦੇ ਤਹਿਤ ਸਰਕਾਰ ਚਲਾਉਣ ਦੀ ਗੱਲ ਕੀਤੀ ਸੀ ਪਰ ਆਪ ਪਾਰਟੀ ਵੱਲੋਂ ਸ਼ਰੇਆਮ ਸੰਵਿਧਾਨ ਦੇ ਨਿਯਮਾਂ ਨੂੰ ਪੈਰਾਂ ਹੇਠ ਮਧੋਲਿਆ ਜਾ ਰਿਹਾ ਹੈ।ਸਮੁੱਚੀ ਮਜ਼ਦੂਰ ਜਮਾਤ ਦੀ ਇੱਕ ਵੀ ਮੰਗ ਤੇ ਅਮਲ ਨਹੀਂ ਕੀਤਾ ਗਿਆ। ਮਜ਼ਦੂਰ ਜਮਾਤ ਦੀ ਆਵਾਜ਼ ਬੰਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਜ਼ਮੀਨਾਂ ਅਤੇ ਨਜਾਇਜ਼ ਕਬਜ਼ੇ ਵਾਲੀਆਂ ਸ਼ਾਮਲਾਤ ਜ਼ਮੀਨਾਂ ਵੱਡੇ ਧਨਾਢਾਂ ਤੋਂ ਖੋਹ ਕੇ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡੀਆਂ ਜਾਣ, ਤਾਂ ਕਿ ਉਹ ਗ਼ਰੀਬੀ,ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਦੌਰ ਵਿੱਚ ਆਪਣਾਂ ਗੁਜਾਰਾ ਕਰ ਸਕਣ। ਉਹਨਾਂ ਮੰਗ ਕੀਤੀ ਕਿ ਸੰਗਰੂਰ ਵਿਖੇ ਸੰਘਰਸ਼ ਕਰ ਰਹੇ ਮਜ਼ਦੂਰਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ, ਚੋਣਾਂ ਸਮੇਂ ਕੀਤੇ ਵਾਅਦੇ ਲਾਗੂ ਕੀਤੇ ਜਾਣ, ਔਰਤਾਂ ਦੇ ਖਾਤਿਆਂ ਵਿੱਚ ਬਕਾਏ ਸਮੇਤ ਇੱਕ ਹਜ਼ਾਰ ਰੁਪਏ ਪਾਉਣੇਂ ਸ਼ੁਰੂ ਕੀਤੇ ਜਾਣ, ਤਿੰਨ ਸਾਲਾਂ ਤੋਂ ਬੰਦ ਪਈ ਦੋ ਰੁਪਏ ਕਿਲੋ ਵਾਲੀ ਕਣਕ ਗ਼ਰੀਬ ਲੋਕਾਂ ਨੂੰ ਤੁਰੰਤ ਜਾਰੀ ਕੀਤੀ ਜਾਵੇ।ਆਗੂ ਨੇ ਇਹ ਵੀ ਕਿਹਾ ਕਿ ਪਿਛਲੀਆਂ ਚੋਣਾਂ ਸਮੇਂ ਤਾਂ ਮਜ਼ਦੂਰ ਜਮਾਤ ਭਗਵੰਤ ਮਾਨ ਦੇ ਬਹਿਕਾਵੇ ਵਿੱਚ ਆ ਗਈ ਸੀ ਪਰ ਆਉਣ ਵਾਲੀਆਂ ਚੋਣਾ ਵਿੱਚ ਮਜ਼ਦੂਰ ਆਪ ਪਾਰਟੀ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ।


