ਬਰਨਾਲਾ, ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਰਗਰਮ ਮਨਰੇਗਾ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਜਥੇਬੰਦੀ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਅਜੇ ਵੀ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੀ ਮੰਗ ਕਰਨ ਦੇ ਬਾਵਜੂਦ 100 ਦਿਨ ਦਾ ਕੰਮ ਨਹੀਂ ਮਿਲ ਰਿਹਾ। ਪਿੰਡਾਂ ਵਿੱਚ ਅਜੇ ਵੀ ਮਨਰੇਗਾ ਦੇ ਕੰਮ ਵਿੱਚ ਸ਼ਰੇਆਮ ਸਿਆਸੀ ਦਖਲ ਅੰਦਾਜ਼ੀ ਹੋ ਰਹੀ ਹੈ। ਗ਼ਰੀਬ ਲੋਕਾਂ ਨੂੰ ਪੰਚਾਇਤੀ ਚੋਣਾਂ ਵਿੱਚ ਵੋਟ ਪਾਉਣ ਦੀ ਸ਼ਰਤ ਤੇ ਕੰਮ ਦੇਣ ਦੇ ਝੂਠੇ ਸਬਜ਼ਬਾਗ ਦਿਖਾਏ ਜਾ ਰਹੇ ਹਨ। ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ। ਮਜ਼ਦੂਰ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਜ਼ਿਲ੍ਹਾ ਪੱਧਰ ਤੇ ਮਨਰੇਗਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਪਰ ਪਰਨਾਲਾ ਉੱਥੇ ਦੀ ਉੱਥੇ ਹੀ ਹੈ।ਸਿਆਸੀ ਪਾਰਟੀਆਂ ਦੇ ਰਸੂਖਵਾਨ ਲੋਕਾਂ ਵੱਲੋਂ ਅਜੇ ਵੀ ਮਨਰੇਗਾ ਦਾ ਕੰਮ ਕਰਵਾਉਣ ਲਈ ਸਿਫਾਰਸ਼ੀ ਮੇਟ ਰੱਖੇ ਜਾ ਰਹੇ ਹਨ। ਜੋ ਲੋੜਬੰਦ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਵਿੱਚ ਪੱਖਪਾਤ ਕਰ ਰਹੇ ਹਨ। ਆਗੂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ, 700 ਰੁਪਏ ਦਿਹਾੜੀ ਅਤੇ ਪੂਰਾ ਸਾਲ ਕੰਮ ਦਿੱਤਾ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਕੰਮ ਕਰਨ ਲਈ ਛੰਦ ਸਰਕਾਰ ਵੱਲੋਂ ਦਿੱਤੇ ਜਾਣ।ਮਜ਼ਦੂਰਾਂ ਦੀ ਸਹਿਮਤੀ ਨਾਲ ਮੇਟ ਰੱਖੇ ਜਾਣ, ਜਿਨ੍ਹਾਂ ਗ਼ਰੀਬ ਲੋਕਾਂ ਦੇ ਜ਼ਿਆਦਾ ਬਾਰਸ਼ ਪੈਣ ਕਾਰਨ ਕੱਚੇ ਘਰ ਡਿੱਗ ਪਏ ਹਨ, ਸਰਕਾਰ ਉਹਨਾਂ ਨੂੰ ਬਣਦਾ ਮੁਆਵਜਾ ਦੇਵੇ। ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ 13 ਸਤੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ‘ਮਜ਼ਦੂਰ ਚੇਤਨਾ ਕਾਨਫਰੰਸ ‘ ਕੀਤੀ ਜਾਵੇਗੀ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਨਛੱਤਰ ਸਿੰਘ ਰਾਮਨਗਰ, ਅਜਾਇਬ ਸਿੰਘ ਸੰਘੇੜਾ, ਬਲਜੀਤ ਸਿੰਘ ਖੀਵਾ ਕਲਾਂ, ਅਜਾਇਬ ਸਿੰਘ ਧੂਰਕੋਟ,ਮਨਜੀਤ ਕੌਰ ਪੱਖੋਕਲਾਂ, ਨਛੱਤਰ ਕੌਰ ਦਰਾਜ਼, ਮੇਵਾ ਸਿੰਘ ਹੰਡਿਆਇਆ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।