ਬਰਨਾਲਾ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)-ਅੱਜ ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸਰਗਰਮ ਆਗੂਆਂ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਵੱਲੋਂ ਕਈ ਸਾਰੇ ਭਖਵੇਂ ਮੁਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਅਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਹਨਾਂ ਦੀ ਪਾਰਟੀ ਵੱਲੋਂ 14 ਅਪ੍ਰੈਲ ਨੂੰ ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਅਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ “ਜਾਤੀ ਵਿਨਾਸ਼ ਲਹਿਰ ਦਾ ਮਹੱਤਵ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ ਪ੍ਰਤੀ ਕਮਿਊਨਿਸਟ ਨਜ਼ਰੀਆ” ਵਿਸ਼ੇ ਤੇ ਚਰਚਾ ਹੋਵੇਗੀ। ਆਗੂ ਨੇ ਦੱਸਿਆ ਕਿ ਪਾਰਟੀ ਦੇ ਪੋਲਿਟ ਬਿਉਰੋ ਮੈਂਬਰ ਕਾਮਰੇਡ ਸ਼ੰਕਰ ਦਾਸ ਪੱਛਮੀ ਬੰਗਾਲ, ਕਾਮਰੇਡ ਤੁਹਿਨ ਦੇਵ ਛਤੀਸਗੜ੍ਹ ਅਤੇ ਕਾਮਰੇਡ ਨਰਭਿੰਦਰ (ਮਾਰਕਸਵਾਦੀ ਚਿੰਤਕ ਪੰਜਾਬ) ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਹੋਣਗੇ। ਆਗੂ ਨੇ ਇਹ ਵੀ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਪੈਦਾ ਹੋਈ ਅਣਮਨੁੱਖੀ ਮਨੂੰਵਾਦੀ ਜਾਤੀ ਵਿਵਸਥਾ ਪੂਰੇ ਦੇਸ਼ ਵਿੱਚ ਅੱਜ ਵੀ ਵਿਦਮਾਨ ਹੈ, ਜਿਸਨੂੰ ਉਖਾੜੇ ਤੋਂ ਬਿਨ੍ਹਾਂ ਦੇਸ਼ ਨੂੰ ਲੋਕਤੰਤਰਿਕ ਨੀਹਾਂ ਤੇ ਨਹੀਂ ਤੋਰਿਆ ਜਾ ਸਕਦਾ। ਜਾਤੀਵਾਦ ਅੱਜ ਵੀ ਸਮੁੱਚੀ ਕਮਿਊਨਿਸਟ ਲਹਿਰ ਦੇ ਸਾਹਮਣੇ ਗੰਭੀਰ ਚੁਣੌਤੀ ਹੈ। ਕਿਉਂਕਿ ਦੇਸ਼ ਦੇ ਵੱਡੀ ਗਿਣਤੀ ਅਤਿ ਗ਼ਰੀਬ, ਪਛੜੇ ਅਤੇ ਦਲਿਤ ਸਮਾਜ ਨੂੰ ਜੋੜੇ ਅਤੇ ਚੇਤੰਨ ਕਰੇ ਤੋਂ ਬਿਨ੍ਹਾਂ ਕ੍ਰਾਂਤੀਕਾਰੀ ਲਹਿਰ ਨੂੰ ਅੱਗੇ ਵਿਧਾਉਣਾ ਮੁਸ਼ਕਲ ਹੈ। ਇਸ ਸਮਾਜ ਦੇ ਪੈਰਾਂ ਵਿੱਚ ਜਾਤੀਵਾਦ ਅਤੇ ਊਚ-ਨੀਚ ਦੀਆਂ ਬੇੜੀਆਂ ਅੱਜ ਵੀ ਮੌਜੂਦ ਹਨ। ਇਹਨਾਂ ਨੂੰ ਤੋੜਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਆਗੂ ਨੇ ਸਮੂਹ ਇਨਕਲਾਬੀ ਜਮਹੂਰੀ, ਪ੍ਰਗਤੀਸ਼ੀਲ ਕਾਰਕੂਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਅੰਬੇਡਕਰਵਾਦੀ ਸ਼ੁਭਚਿੰਤਕਾਂ/ ਬੁੱਧੀਜੀਵੀਆਂ ਨੂੰ ਸੈਮੀਨਾਰ ਵਿੱਚ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
