22 ਅਤੇ 23 ਨਵੰਬਰ ਨੂੰ ਬਰਨਾਲਾ ਵਿਖੇ ਭਾਕਪਾ (ਮਾਲੇ) ਰੈੱਡ ਸਟਾਰ ਦੇ ਤਿੰਨ ਰੋਜ਼ਾ ਪਾਰਟੀ ਪਲੈਨਮ ਨੂੰ ਸਫ਼ਲ ਬਣਾਉਣ ਦੀ ਅਪੀਲ
ਬਰਨਾਲਾ, ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦਾ ਕੁੱਲ ਹਿੰਦ ਪਲੈਨਮ 22 ਤੋਂ 24 ਨਵੰਬਰ ਨੂੰ ‘ਸ਼ਹੀਦ ਬੇਅੰਤ ਸਿੰਘ ਮੂਮ ਹਾਲ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਨਗਰ’, ਤਰਕਸ਼ੀਲ ਭਵਨ ਬਰਨਾਲਾ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ। ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਤੁਹਿਨ ਦੇਵ ਅਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਪਲੈਨਮ ਵਿਚ ਕਰੀਬ ਇੱਕ ਦਰਜ਼ਨ ਤੋਂ ਵੱਧ ਰਾਜਾਂ ਵਿੱਚੋਂ ਚੁਣੇ ਹੋਏ ਡੈਲੀਗੇਟ ਸ਼ਾਮਲ ਹੋਣਗੇ। 21 ਨਵੰਬਰ ਨੂੰ “ਜਾਤੀ ਵਿਨਾਸ਼ ਲਹਿਰ ਦਾ ਮਹੱਤਵ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਪ੍ਰਤੀ ਮਾਰਕਸਵਾਦੀ ਨਜ਼ਰੀਆ’ ਵਿਸ਼ੇ ਦੇ ਅਧਾਰਿਤ ਸੈਮੀਨਾਰ ਅਯੋਜਿਤ ਕੀਤਾ ਜਾਵੇਗਾ। 22 ਨਵੰਬਰ ਨੂੰ ਪਲੈਨਮ ਦੀ ਸ਼ੁਰੂਆਤ ਜਨਤਕ ਰੈਲੀ ਨਾਲ ਹੋਵੇਗੀ। ਪਾਰਟੀ ਆਗੂਆਂ ਦਾ ਇਹ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਭਾਰਤ ਵਿੱਚ ਗ਼ਰੀਬਾਂ ਅਤੇ ਅਮੀਰਾਂ ਦਰਮਿਆਨ ਪਾੜੇ ਦੀ ਲਕੀਰ ਲਗਾਤਾਰ ਵਧ ਰਹੀ ਹੈ। ਕਿਉਂਕਿ ਦੇਸ਼ ਦੇ 10 ਪ੍ਰਤੀਸ਼ਤ ਧਨ ਕੁਬੇਰ ਅਰਬਪਤੀਆਂ ਕੋਲ ਦੇਸ਼ ਦੀ 77 ਫ਼ੀਸਦੀ ਸੰਪਤੀ ਇਕੱਠੀ ਹੋ ਗਈ ਹੈ। ਅੱਜ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਗ਼ਰੀਬੀ ਦਾ ਗੜ੍ਹ ਬਣ ਗਿਆ ਹੈ। ਭਾਰਤ ਬੇਰੁਜ਼ਗਾਰੀ ਦੀ ਬੰਜ਼ਰ ਭੂਮੀ ਅਤੇ ਦੁਨੀਆਂ ਦੇ ਸਭ ਤੋਂ ਵੱਧ ਭ੍ਰਿਸ਼ਟ ਮੁਲਕਾਂ ਵਿੱਚੋਂ ਇੱਕ ਹੈ। ਜਿੱਥੇ ਸਮੁੱਚੀ ਮਿਹਨਤਕਸ਼ ਜਨਤਾ ਦਾ ਸ਼ੋਸ਼ਣ ਅਤੇ ਪ੍ਰਕਿਰਤੀ ਦੀ ਕਾਰਪੋਰੇਟ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ, ਉਦਯੋਗਿਕ ਅਤੇ ਖੇਤੀ ਨੀਤੀਆਂ ਅਤੇ ਵਾਤਾਵਰਣ ਨਿਯਮਾਂ ਨੂੰ ਅਜਿਹੇ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ, ਤਾਂ ਕਿ ਸਾਮਰਾਜਵਾਦੀ ਅਤੇ ਕਾਰਪੋਰੇਟ ਪੂੰਜੀ ਵਿੱਚ ਬੇਸ਼ੁਮਾਰ ਵਾਧਾ ਹੋ ਸਕੇ। ਕਾਰਪੋਰੇਟ ਅਤੇ ਆਰ ਐਸ ਐਸ ਦੇ ਭਗਵੇਂ ਫਾਸ਼ੀਵਾਦ ਦੇ ਗੱਠਜੋੜ ਨੇ ਦੇਸ਼ ਨੂੰ ਫਾਸ਼ੀਵਾਦੀ ਪਟੜੀ ਤੇ ਚਾੜ੍ਹ ਦਿੱਤਾ ਹੈ। ਅੱਜ ਦੇਸ਼ ਦੀ ਅੱਸੀ ਫ਼ੀਸਦੀ ਜਨਤਾ ਮੋਦੀ ਰਾਜ ਦੀਆਂ ਬੁਲਡੋਜ਼ਰ ਨੀਤੀਆਂ ਥੱਲੇ ਕਰਾਹ ਰਹੀ ਹੈ। ਇਹਨਾਂ ਨੀਤੀਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਮਜ਼ਦੂਰਾਂ, ਕਿਸਾਨਾਂ, ਪਛੜੇ ਵਰਗਾਂ, ਔਰਤਾਂ ਅਤੇ ਖ਼ਾਸ ਕਰਕੇ ਮੁਸਲਮਾਨਾਂ ਦੇ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੋ ਬੁੱਧੀਜੀਵੀ, ਪੱਤਰਕਾਰ ਅਤੇ ਵਿਰੋਧੀ ਧਿਰ ਮੋਦੀ ਸਰਕਾਰ ਦੀਆਂ ਵਿਨਾਸ਼ਕਾਰੀ ਨੀਤੀਆਂ ਦਾ ਵਿਰੋਧ ਕਰਦੇ ਹਨ ਜਾਂ ਸਵਾਲ ਉਠਾਉਂਦੇ ਹਨ, ਤਾਂ ਉਹਨਾਂ ਨੂੰ ਰਾਸ਼ਟਰ ਵਿਰੋਧੀ ਗਰਦਾਨਕੇ ਅਤੇ ਝੂਠੇ ਮੁੱਕਦਮੇ ਦਰਜ਼ ਕਰਕੇ ਜੇਲ੍ਹਾਂ ਵਿੱਚ ਸੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਹਨਾਂ ਠੋਸ ਸਥਿਤੀਆਂ ਦੇ ਅਨੁਸਾਰ ਜਨਤਾ ਦੀ ਲੜਾਈ ਨੂੰ ਤੇਜ਼ ਕਰਨ ਲਈ ਪਾਰਟੀ ਪਲੈਨਮ ਦੇ ਜ਼ਰੀਏ ਆਪਣੀ ਰਾਜਨੀਤਕ ਸਮਝ ਨੂੰ ਅਪਡੇਟ ਕੀਤਾ ਜਾਵੇਗਾ। ਪਾਰਟੀ ਪੰਜਾਬ ਦੀ ਮਹਾਨ ਕ੍ਰਾਂਤੀਕਾਰੀ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਮਾਮ ਇਨਕਲਾਬੀ,ਪ੍ਰਗਤੀਸ਼ੀਲ ਅਤੇ ਜਮਹੂਰੀ ਤਾਕਤਾਂ ਨੂੰ ਇੱਕਜੁੱਟਤਾ ਦੀ ਪੁਰਜ਼ੋਰ ਅਪੀਲ ਕਰਦੀ ਹੈ।