ਜੰਗੀ ਜਨੂੰਨ ਤੇ ਫਿਰਕੂ ਨਫ਼ਰਤ ਖਿਲਾਫ ਪ੍ਰਭਾਵਸ਼ਾਲੀ ਸਾਂਝੀ ਕਨਵੈਨਸ਼ਨ ਦਾ ਆਯੋਜਨ

ਬਠਿੰਡਾ-ਮਾਨਸਾ

ਕਈ ਅਹਿਮ ਮੰਗਾਂ ਉਭਾਰੀਆਂ, ਸੋਸ਼ਲ ਮੀਡੀਆ ‘ਤੇ ਪੋਸਟ ਪਾਉਣ ਬਦਲੇ ਗ੍ਰਿਫਤਾਰ ਪ੍ਰੋਫ਼ੈਸਰ ਅਤੇ ਵਿਦਿਆਰਥੀ ਆਗੂ ਦੀ ਰਿਹਾਈ ਮੰਗੀ

ਮਾਨਸਾ, ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)– ਅੱਜ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਪਹਿਲਗਾਮ ਵਿਖੇ ਹੋਏ ਸੈਲਾਨੀਆਂ ਦੇ ਦਰਦਨਾਕ ਕਤਲੇਆਮ ਤੋਂ ਬਾਅਦ ਸੰਘ ਬੀਜੇਪੀ ਦੇ ਸਮੁੱਚੇ ਤੰਤਰ ਵਲੋਂ ਦੇਸ਼ ਵਿੱਚ ਫੈਲਾਏ ਜਾ ਰਹੇ ਜੰਗੀ ਜਨੂੰਨ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਚਲਾਈ ਜਾ ਰਹੀ ਫਿਰਕੂ ਨਫ਼ਰਤ ਦੀ ਮੁਹਿੰਮ ਖ਼ਿਲਾਫ਼ ਇਕ ਪ੍ਰਭਾਵਸ਼ਾਲੀ ਸਾਂਝੀ ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ 1990 ਵਿੱਚ ਅੱਜ ਦੇ ਦਿਨ ਜੰਗ ਵਿਰੋਧੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾਂਦੇ ਵਕਤ ਸਦਾ ਲਈ ਵਿਛੜ ਗਏ ਦੋ ਇਨਕਲਾਬੀ ਨੌਜਵਾਨਾਂ ਕਾਮਰੇਡ ਬਲਵਿੰਦਰ ਸਿੰਘ ਸਮਾਓਂ ਅਤੇ ਕਾਮਰੇਡ ਮਨੋਜ ਕੁਮਾਰ ਮਿੱਤਲ ਦੀ 35ਵੀਂ ਬਰਸੀ ਨੂੰ ਸਮਰਪਿਤ ਸੀ। ਇਸ ਮੌਕੇ ਉੱਘੇ ਕਮਿਊਨਿਸਟ ਆਗੂ ਤੇ ਦੇਸ਼ਭਗਤ ਭਾਈ ਸੰਤੋਖ ਸਿੰਘ ਧਰਦਿਉ ਨੂੰ ਵੀ ਉਨ੍ਹਾਂ ਦੀ 92ਵੀਂ ਬਰਸੀ ਮੌਕੇ ਯਾਦ ਕੀਤਾ ਗਿਆ।

    ਕਨਵੈਨਸ਼ਨ ਦੀ ਸ਼ੁਰੂਆਤ ਸ਼ਹੀਦ ਬਲਵਿੰਦਰ ਤੇ ਮਨੋਜ, ਪਹਿਲਗਾਮ ਵਿਖੇ ਕਤਲ ਕਰ ਦਿੱਤੇ ਗਏ ਸਾਰੇ ਸੈਲਾਨੀਆਂ ਅਤੇ ਜੰਗੀ ਟਕਰਾਅ ਵਿੱਚ ਮਾਰੇ ਗਏ ਦੇਸ਼ਵਾਸੀਆਂ ਦੀ ਯਾਦ ਵਿੱਚ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕਰਨ ਨਾਲ ਹੋਈ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਲਿਬਰੇਸ਼ਨ ਦੇ ਲੀਡਰ ਤੇ ਉਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਆਈਡੀਪੀ ਆਗੂ ਦਰਸ਼ਨ ਸਿੰਘ ਧਨੇਠਾ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਵਲੋਂ ਪ੍ਰਿੰਸੀਪਲ ਗੁਰਲਾਭ ਸਿੰਘ, ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਵੀ ਖਾਨ ਅਤੇ ਸ਼ਹੀਦ ਬਲਵਿੰਦਰ ਸਮਾਓਂ ਦੇ ਛੋਟੇ ਭਰਾ ਕਾਮਰੇਡ ਭੋਲਾ ਸਿੰਘ ਸਮਾਓਂ ਸ਼ਾਮਲ ਸਨ। ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੁਖਦਰਸ਼ਨ ਸਿੰਘ ਨੱਤ, ਸੁਖਦੇਵ ਸਿੰਘ ਭੁਪਾਲ, ਕਰਨੈਲ ਸਿੰਘ ਜਖੇਪਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ, ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਵਲੋਂ ਸਰਬਜੀਤ ਕੌਸ਼ਲ ਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਵਲੋਂ ਜਗਦੀਸ਼ ਪਾਪੜਾ ਸ਼ਾਮਲ ਸਨ। ਮੰਚ ਸੰਚਾਲਨ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਵਲੋਂ ਕੀਤਾ ਗਿਆ।

ਕਨਵੈਨਸ਼ਨ ਵਿੱਚ ਇਸ ਨੂੰ ਜਥੇਬੰਦ ਕਰਨ ਵਾਲੀਆਂ ਧਿਰਾਂ ਦੇ ਵਰਕਰਾਂ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਸਮੇਤ ਵੱਖ ਵੱਖ ਕਿਸਾਨ ਜਥੇਬੰਦੀਆਂ, ਮਜ਼ਦੂਰ ਮੁਕਤੀ ਮੋਰਚਾ, ਆਇਸਾ ਤੇ ਏਪਵਾ ਦੇ ਆਗੂ ਤੇ ਵਰਕਰ ਸ਼ਾਮਲ ਹੋਏ। ਲੋਕ ਗਾਇਕ ਅਜਮੇਰ ਅਕਲੀਆ ਨੇ ਅਪਣੇ ਗੀਤਾਂ ਰਾਹੀਂ ਜੰਗ ਤੇ ਜੰਗੀ ਜਨੂੰਨ ਦਾ ਪਾਜ਼ ਉਘੇੜਿਆ। ਕਨਵੈਨਸ਼ਨ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜੰਗਾਂ ਬਰਬਾਦੀ ਤੋਂ ਇਲਾਵਾ ਕੁੱਝ ਵੀ ਨਹੀਂ ਦਿੰਦੀਆਂ ਅਤੇ ਕੋਈ ਮਸਲਾ ਹੱਲ ਕਰਨ ਦੀ ਬਜਾਏ ਉਲਟਾ ਗੰਭੀਰ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੰਦੀਆਂ ਹਨ।

ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਤੋਂ ਬਾਅਦ ਸੁਰਖਿਆ ਪ੍ਰਤੀ ਅਪਣੀ ਘੋਰ ਅਣਗਹਿਲੀ ਉਤੇ ਪਰਦਾ ਪਾਉਣ ਲਈ ਬੀਜੇਪੀ ਤੇ ਮੋਦੀ ਸਰਕਾਰ ਨੇ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜਿਆ, ਜਿਸ ਨਾਲ ਮੁਸਲਿਮ ਘੱਟਗਿਣਤੀ ਖਿਲਾਫ ਲੋਕਾਂ ਦੀਆਂ ਫ਼ਿਰਕੂ ਭਾਵਨਾਵਾਂ ਨੂੰ ਮਿੱਥ ਕੇ ਹਵਾ ਦਿੱਤੀ ਗਈ। ਉਹਨਾਂ ਕਿਹਾ ਕਿ ਕਸ਼ਮੀਰੀ ਅਤੇ ਪੰਜਾਬੀ, ਭਾਵੇਂ ਉਹ ਭਾਰਤ ਦੇ ਸ਼ਹਿਰੀ ਹਨ ਜਾਂ ਪਾਕਿਸਤਾਨ ਦੇ – ਕਦੇ ਵੀ ਜੰਗ ਨਹੀਂ ਚਾਹੁੰਦੇ। ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ ਨੇ ਕਿਹਾ ਕਿ ਪਹਿਲਗਾਮ ਵਿੱਚ ਖਾੜਕੂਆਂ ਵੱਲੋਂ ਮਾਰੇ ਗਏ ਨਿਰਦੋਸ਼ ਲੋਕਾਂ ਦੀ ਘਟਨਾ ਜਿੱਥੇ ਬਹੁਤ ਹੀ ਮੰਦਭਾਗੀ ਸੀ, ਉੱਥੇ ਇਸ ਘਟਨਾ ਨੇ ਕੇਂਦਰ ਸਰਕਾਰ ਦੇ ਜੰਮੂ ਕਸ਼ਮੀਰ ਵਿਚ ਹਾਲਤ ਦੇ ਆਮ ਵਰਗਾ ਹੋਣ ਦੇ ਦਾਅਵਿਆਂ ਉਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।  ਕੇਂਦਰ ਸਰਕਾਰ ਵੱਲੋਂ ਇਸ ਘਟਨਾ ਸਬੰਧੀ ਹੋਈ ਕੋਤਾਹੀ ਦੀ ਜੁੰਮੇਵਾਰੀ ਲੈਣ ਦੀ ਬਜਾਏ ਲੋਕਾਂ ਦਾ ਇਸ ਪਾਸਿਉਂ ਧਿਆਨ ਹਟਾਉਣ ਲਈ ਪਾਕਿਸਤਾਨ ਵਿਰੁੱਧ ਜੰਗ ਦਾ ਇੱਕ ਨਵਾਂ ਹੀ ਬਿਰਤਾਂਤ ਸਿਰਜ ਦਿੱਤਾ ਗਿਆ। ਇੰਟਰਨੈਸ਼ਨਲ ਡੈਮੋਕ੍ਰੇਟਿਕ ਪਲੇਟਫਾਰਮ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਗੁਆਂਢੀ ਮੁਲਕ ਹਨ, ਤੁਸੀਂ ਗੁਆਂਢੀ ਨੂੰ ਬਦਲ ਨਹੀਂ ਸਕਦੇ। ਦੋਵਾਂ ਮੁਲਕਾਂ ਦੇ ਲੋਕਾਂ ਦੇ ਆਰਥਿਕ ਹਾਲਾਤ ਅਤੇ ਹੋਰ ਸਮੱਸਿਆਵਾਂ ਵੀ ਮਿਲਦੀਆਂ ਜੁਲਦੀਆਂ ਹਨ। ਭਾਵੇਂ ਦੋਵਾਂ ਮੁਲਕਾਂ ਦੇ ਲੋਕ ਇੱਕੋ ਹੀ ਨਸਲ ਦੇ ਹਨ, ਪਰ ਦੋਵੇਂ ਹੀ ਦੇਸ਼ ਖ਼ਤਰਨਾਕ ਪਰਮਾਣੂ ਹਥਿਆਰਾਂ ਨਾਲ ਲੈਸ ਹਨ।  ਪੰਜਾਬ ਜਮਹੂਰੀ ਮੋਰਚੇ ਦੇ ਆਗੂ ਭਜਨ ਸਿੰਘ ਘੁੰਮਣ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸੱਤਾਧਾਰੀ ਹਾਕਮਾਂ ਵੱਲੋਂ ਲੋਕਾਂ ਦੀ ਮਾਨਸਿਕਤਾ ਨੂੰ ਜੰਗ-ਪੱਖੀ ਬਣਾਇਆ ਜਾ ਰਿਹਾ ਹੈ। ਦੋਵਾਂ ਮੁਲਕਾਂ ਦੇ ਲੋਕਾਂ ਦੇ ਬੁਨਿਆਦੀ ਮਸਲੇ

ਗ਼ਰੀਬੀ, ਬੇਰੁਜਗਾਰੀ, ਭ੍ਰਿਸ਼ਟਾਚਾਰ ਆਦਿ ਹਨ, ਜੋ ਇੱਕ ਲੋਕ ਹਿੱਤੂ ਸਮਾਜਿਕ ਤੇ ਰਾਜਸੀ ਪ੍ਰਬੰਧ ਸਿਰਜ ਕੇ ਹੀ ਹੱਲ ਕੀਤੇ ਜਾ ਸਕਦੇ ਹਨ। ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦਾ ਕਹਿਣਾ ਸੀ ਕਿ ਜੇਕਰ ਦੋਵੇਂ ਮੁਲਕ ਆਪਸ ਵਿੱਚ ਲੜਨਗੇ ਅਤੇ ਆਪਣੇ ਕੁਦਰਤੀ ਤੇ ਮਨੁੱਖੀ ਸਾਧਨਾਂ ਦਾ ਵੱਡਾ ਹਿੱਸਾ ਜੰਗੀ ਤਿਆਰੀਆਂ ਤੇ ਹਥਿਆਰਾਂ ਉੱਤੇ ਖ਼ਰਚ ਕਰਨਗੇ, ਤਾਂ ਦੋਵੇਂ ਮੁਲਕ ਤਰੱਕੀ ਕਰਨ ਦੀ ਬਜਾਏ ਹੋਰ ਪਛੜਨਗੇ। ਇਸ ਕਰਕੇ ਦੋਵਾਂ ਮੁਲਕਾਂ ਨੂੰ ਇੱਕ ਦੂਜੇ ਨੂੰ ਠਿੱਬੀ ਲਾਉਣ ਅਤੇ ਨੀਵਾਂ ਵਿਖਾਉਣ ਦੀ ਬਜਾਏ ਮਿਲ-ਬੈਠ ਕੇ ਗੱਲਬਾਤ ਰਾਹੀਂ ਹੀ ਮਸਲਿਆਂ ਦਾ ਹੱਲ ਕੱਢਣ ਲਈ ਸੋਚਣ ਦੀ ਲੋੜ ਹੈ।  

Leave a Reply

Your email address will not be published. Required fields are marked *