ਕਾਮਰੇਡ ਲਾਭ ਸਿੰਘ ਅਕਲੀਆ ਨੇ ਗਹਿਰਾ ਦੁੱਖ਼ ਪ੍ਰਗਟਾਇਆ
ਬਰਨਾਲਾ, ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦੀ ਨਕਸਲਬਾੜੀ ਲਹਿਰ ਵਿੱਚ ਜਾਣੀ ਪਹਿਚਾਣੀ ਸ਼ਖ਼ਸੀਅਤ ਕਾਮਰੇਡ ਜਗਜੀਤ ਸਿੰਘ ਸੋਹਲ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਹਨ। ਕਾਮਰੇਡ ਲਾਭ ਸਿੰਘ ਅਕਲੀਆ ਸੂਬਾ ਸਕੱਤਰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਮਰੇਡ ਸੋਹਲ ਦੇ ਵਿਛੋੜੇ ਤੇ ਗਹਿਰਾ ਦੁੱਖ਼ ਪ੍ਰਗਟ ਕੀਤਾ ਹੈ। ਆਗੂ ਨੇ ਕਿਹਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਰੀਬ ਇੱਕ ਸਦੀ ਵਿੱਚੋਂ ਪੌਣੀ ਸਦੀ ਤਿੱਖੇ ਲੋਕ ਸੰਘਰਸ਼ਾਂ ਦੇ ਲੇਖੇ ਲਾ ਦਿੱਤੀ ਹੈ। ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਪੰਜਾਬ ਦੀ ਮੁਜ਼ਾਹਰਾ ਲਹਿਰ ਤੋਂ ਸ਼ੁਰੂ ਕੀਤਾ ਸੀ। ਬਾਅਦ ਵਿੱਚ ਖੱਬੇ ਪੱਖੀ ਲਹਿਰ ਨਾਲ ਜੁੜਕੇ ਬਹੁਤ ਸਾਰੇ ਲੋਕ ਘੋਲਾਂ ਦੀ ਅਗਵਾਈ ਕੀਤੀ। ਉਹ ਪੰਜਾਬ ਵਿੱਚ ਨਕਸਲਬਾੜੀ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਵਿੱਚੋਂ ਵੀ ਇੱਕ ਸਨ। ਉਹਨਾਂ ਵੱਲੋਂ ਭਾਰਤ ਵਿੱਚ 1969 ਵਿੱਚ ਚੋਟੀ ਦੇ ਆਗੂਆਂ ਨਾਲ ਮਿਲਕੇ ਸੀ ਪੀ ਆਈ (ਐਮ ਐਲ) ਨੂੰ ਜਥੇਬੰਦ ਕੀਤਾ ਗਿਆ ਸੀ। 22 ਅਪ੍ਰੈਲ 1970 ਨੂੰ ਸੀ ਪੀ ਆਈ (ਐਮ ਐਲ) ਦੀ ਕਲਕੱਤਾ ਵਿਖੇ ਹੋਈ ਪਹਿਲੀ ਪਾਰਟੀ ਕਾਂਗਰਸ ਵਿੱਚ ਉਹਨਾਂ ਨੂੰ ਕੇਂਦਰੀ ਕਮੇਟੀ ਦਾ ਮੈਂਬਰ ਚੁਣੇ ਜਾਣ ਦਾ ਸੁਭਾਗ਼ ਪ੍ਰਾਪਤ ਹੋਇਆ ਸੀ। ਉਹ 70ਵਿਆਂ ਵਿੱਚ ਪੰਜਾਬ ਦੀ ਸੀਓਸੀ ਸੀ ਪੀ ਆਈ (ਐਮ ਐਲ) ਗਰੁੱਪ ਦੇ ਸਕੱਤਰ ਵੀ ਰਹੇ। ਖੁਦ ਉਹਨਾਂ ਨੇ ਖੱਬੇ ਪੱਖੀ ਲਹਿਰ ਖ਼ਾਸ ਕਰਕੇ ਨਕਸਲਬਾੜੀ ਲਹਿਰ ਵਿੱਚ ਸਾਰੇ ਤਰ੍ਹਾਂ ਦੇ ਉਤਰਾਵਾਂ ਚੜ੍ਹਾਵਾਂ ਨੂੰ ਬਹੁਤ ਨੇੜਿਉਂ ਤੱਕਿਆ ਸੀ। ਜਿੱਥੇ ਉਹਨਾਂ ਨੇ ਪਾਰਟੀ ਵਿੱਚ ਫੁੱਟਾਂ ਟੁੱਟਾਂ ਦਾ ਦੌਰ ਦੇਖਿਆ, ਉਥੇ ਉਹਨਾਂ ਨੇ ਲਹਿਰ ਅੰਦਰ ਪਾਰਟੀ ਏਕਤਾ ਲਈ ਵੀ ਅਨੇਕਾਂ ਯਤਨ ਕੀਤੇ। ਜਦੋਂ ਨਕਸਲਬਾੜੀ ਲਹਿਰ ਕਈ ਤਰ੍ਹਾਂ ਦੀਆਂ ਫੁੱਟਾਂ ਦਾ ਸ਼ਿਕਾਰ ਹੋ ਚੁੱਕੀ ਸੀ। ਉਹਨਾਂ ਨੇ ਸੀ ਪੀ ਆਈ (ਐਮ ਐਲ) ਪਾਰਟੀ ਯੁਨਟੀ ਗਰੁੱਪ ਦੀ ਅਗਵਾਈ ਸੰਭਾਲੀ। 2005 ਵਿੱਚ ਸੀ ਪੀ ਆਈ (ਮਾਓਵਾਦੀ) ਬਣਨ ਸਮੇਂ ਵੀ ਉਹ ਮੋਹਰੀ ਆਗੂ ਸਫ਼ਾ ਵਿੱਚੋਂ ਇੱਕ ਸਨ। ਅੱਜ ਜ਼ਿੰਦਗੀ ਦੇ ਨੌਂ ਦਹਾਕੇ ਹੰਢਾ ਕੇ ਖੱਬੇ ਪੱਖੀ ਲਹਿਰ ਨੂੰ ਵਿਛੋੜਾ ਦੇ ਗਏ ਹਨ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਉਹਨਾਂ ਦੀ ਮੌਤ ਤੇ ਗਹਿਰਾ ਦੁੱਖ਼ ਪ੍ਰਗਟ ਕਰਦੀ ਹੋਈ ਉਹਨਾਂ ਨੂੰ ਲਾਲ਼ ਸਲਾਮ ਪੇਸ਼ ਕਰਦੀ ਹੈ। ਪਾਰਟੀ ਉਹਨਾਂ ਦੇ ਸਨੇਹੀਆਂ, ਮਿੱਤਰਾਂ, ਪ੍ਰੀਵਾਰਕ ਮੈਂਬਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੀ ਹੈ ਅਤੇ ਕਾਮਰੇਡ ਜਗਜੀਤ ਸਿੰਘ ਸੋਹਲ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਦੀ ਹੈ।