ਪਹਿਲਗਾਮ ਵਿੱਚ ਨਿਹੱਥੇ ਸੈਲਾਨੀਆਂ ਉੱਤੇ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ -ਲਾਭ ਅਕਲੀਆ

ਸੰਗਰੂਰ-ਬਰਨਾਲਾ

ਬਰਨਾਲਾ, ਗੁਰਦਾਸਪੁਰ 23 ਅਪ੍ਰੈਲ (ਸਰਬਜੀਤ ਸਿੰਘ)–ਕੱਲ੍ਹ ਦੁਪਹਿਰ ਸਮੇਂ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਖ਼ੇਤਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਦੇ ਕਰੀਬ ਨਿਹੱਥੇ ਸੈਲਾਨੀਆਂ ਨੂੰ ਮਾਰ ਦਿੱਤਾ ਗਿਆ, ਜੋ ਵੱਖ ਵੱਖ ਰਾਜਾਂ ਤੋਂ ਗਰਮੀ ਦੀਆਂ ਛੁੱਟੀਆਂ ਬਿਤਾਉਣ ਆਏ ਹੋਏ ਸਨ। ਸੀਪੀਆਈ (ਐਮ ਐਲ) ਰੈੱਡ ਸਟਾਰ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਇਸ ਅਤਿ ਘਿਨੌਣੇ ਹੱਤਿਆ ਕਾਂਡ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ। ਇਹ ਘਟਨਾ ਪਹਿਲਗਾਮ ਦੇ ਬੈਸਰਨ ਵਿੱਚ ਵਾਪਰੀ ਹੈ, ਜਿਸਨੂੰ ਜੰਮੂ ਕਸ਼ਮੀਰ ਦਾ ‘ਮਿਨੀ ਸਵਿਟਜ਼ਰਲੈਂਡ ‘ ਵੀ ਕਿਹਾ ਜਾਂਦਾ ਹੈ। ਮੋਦੀ ਸਰਕਾਰ ਵੱਲੋਂ 2019 ਵਿੱਚ ਆਪਣੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾ ਦਿੱਤੀ ਗਈ ਸੀ, ਜਿਸ ਨਾਲ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਮਿਲਿਆ ਹੋਇਆ ਸੀ, ਨਾਗਰਿਕ ਅਧਿਕਾਰਾਂ ਉੱਤੇ ਇਹ ਸਭ ਤੋਂ ਘਿਨੌਣਾ ਹਮਲਾ ਸੀ। ਪਹਿਲਗਾਮ ਦੀ ਇਸ ਹੌਲ਼ਨਾਕ ਘਟਨਾ ਨੇ ਕੇਂਦਰ ਸਰਕਾਰ ਦੇ ਉਹਨਾਂ ਸਾਰੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ,ਜੋ ਬਾਰ ਬਾਰ ਜੰਮੂ ਕਸ਼ਮੀਰ ਦੀ ਸਥਿੱਤੀ ਸਾਜ਼ਗਾਰ ਹੋਣ ਦੇ ਦਾਅਵੇ ਕਰ ਰਹੀ ਹੈ। ਜਦੋਂ ਕਿ 2019 ਤੋਂ ਲਗਾਤਾਰ ਅਤਿਵਾਦੀਆਂ ਵੱਲੋਂ ਭਾਰਤੀ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਉੱਤੇ ਹਰ ਰੋਜ਼ ਹਮਲੇ ਹੋ ਰਹੇ ਹਨ ਅਤੇ ਹੁਣ ਤੱਕ ਸੈਂਕੜੇ ਮਾਵਾਂ ਦੇ ਪੁੱਤ ਸ਼ਹੀਦ ਹੋ ਚੁੱਕੇ ਹਨ। ਇਹ ਹਮਲਾ ਵੀ ਆਮ ਨਾਗਰਿਕਾਂ ਉੱਪਰ ਕਾਇਰਤਾ ਪੂਰਨ ਹੈ। ਅਸੀਂ ਪਾਰਟੀ ਵੱਲੋਂ ਇਸ ਹੱਤਿਆ ਕਾਂਡ ਵਿੱਚ ਮਾਰੇ ਗਏ ਆਮ ਨਾਗਰਿਕਾਂ ਦੇ ਪ੍ਰੀਵਾਰਾਂ ਪ੍ਰਤੀ ਆਪਣੀ ਹਾਰਦਿਕ ਸੰਵੇਦਨਾ ਪ੍ਰਗਟ ਕਰਦੇ ਹਾਂ।
ਬੈਸਰਨ ਅਤੇ ਪਹਿਲਗਾਮ ਉੱਚ ਸੁਰੱਖਿਆ ਵਾਲਾ ਖ਼ੇਤਰ ਹੋਣ ਦੇ ਬਾਵਜੂਦ ਹਮਲੇ ਸਮੇਂ ਕੋਈ ਵੀ ਸੁਰੱਖਿਆ ਬਲ ਮੌਕੇ ‘ਤੇ ਮੌਜੂਦ ਨਹੀਂ ਸੀ, ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਹ ਘਟਨਾ ਤੋਂ ਕਰੀਬ 20 ਮਿੰਟ ਬਾਅਦ ਘਟਨਾ ਸਥਾਨ ਤੇ ਪਹੁੰਚੀ। ਹਾਲਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰ ਬਾਰ ਇਹ ਕਹਿ ਰਹੇ ਹਨ ਕਿ ਜੰਮੂ ਕਸ਼ਮੀਰ ਵਿੱਚ ਸਥਿੱਤੀ ਆਮ ਵਰਗੀ ਬਣ ਗਈ ਹੈ। ਅਜਿਹੀਆਂ ਘਟਨਾਵਾਂ ਨੂੰ ਸੁਣਕੇ ਪਤਾ ਲਗਦਾ ਹੈ ਕਿ ਸਥਿੱਤੀ ਅਜੇ ਵੀ ਬਹੁਤ ਖ਼ਰਾਬ ਹੈ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਿਹਾ ਫਾਸ਼ੀਵਾਦੀ ਦਮਨ ਨੂੰ ਹੋਰ ਤੇਜ਼ ਕਰਨ ਲਈ ਇਸ ਤਾਜਾ ਅਤਿਵਾਦੀ ਘਟਨਾ ਦਾ ਇਸਤੇਮਾਲ ਕਰਨ ਦੀ ਬਜਾਏ, ਲੋੜ ਇਸ ਗੱਲ ਦੀ ਹੈ, ਕਿ ਜੰਮੂ ਕਸ਼ਮੀਰ ਦੇ ਨਾਗਰਿਕਾਂ ਦੇ ਲਈ ਸ਼ਾਂਤੀ ਅਤੇ ਸੁਰੱਖਿਆ ਲਈ ਠੋਸ ਕਦਮ ਉਠਾਏ ਜਾਣ। ਇਸਦੇ ਲਈ ਇਕੱਲੀ ਬਿਆਨਬਾਜ਼ੀ ਅਤੇ ਤੁਫ਼ਾਨੀ ਪ੍ਰਚਾਰ ਦੀ ਜਗ੍ਹਾ ਲੋਕਾਂ ਨੂੰ ਉਚਿੱਤ ਵਿਸ਼ਵਾਸ ਵਿੱਚ ਲਿਆਉਣ ਲਈ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਜਾਵੇ। ਜੰਮੂ ਕਸ਼ਮੀਰ ਨਾਂ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਡਾ ਹਥਿਆਰਬੰਦ ਸੈਨਾ ਖ਼ੇਤਰ ਬਣਿਆਂ ਹੋਇਆ ਹੈ। ਇਹ ਵੀ ਬਾਰ 2 ਸਿੱਧ ਹੋ ਰਿਹਾ ਹੈ ਕਿ ਕਿਸੇ ਖ਼ੇਤਰ ਦਾ ਸਥਾਈ ਤੌਰ ‘ਤੇ ਸੈਨੀਕਰਣ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਵਰਤਮਾਨ ਸਥਿੱਤੀ ਵਿੱਚ ਜੰਮੂ ਕਸ਼ਮੀਰ ਦੇ ਮਾਮਲੇ ਵਿੱਚ ਸ਼ਾਂਤੀ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਇਮਾਨਦਾਰੀ ਨਾਲ ਚਲਾਉਣ ਦੇ ਲਈ ਸਹੀ ਦ੍ਰਿਸ਼ਟੀਕੋਣ ਅਪਨਾਉਣ ਦੀ ਲੋੜ ਹੈ।

Leave a Reply

Your email address will not be published. Required fields are marked *