ਸਾਮਰਾਜਵਾਦ,ਸੰਘੀ ਮਨੂਵਾਦੀ ਫਾਸ਼ੀਵਾਦ ਅਤੇ ਕਾਰਪੋਰੇਟ ਰਾਜ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰਨ- ਪੀ. ਜ਼ੇ ਜੇਮਜ਼
ਬਰਨਾਲਾ, ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦਾ ਕੁੱਲ ਹਿੰਦ ਪਲੈਨਮ 22 ਤੋਂ 24 ਨਵੰਬਰ ਤੱਕ ਸ਼ਹੀਦ ਬੇਅੰਤ ਸਿੰਘ ਮੂਮ ਹਾਲ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਨਗਰ, ਤਰਕਸ਼ੀਲ ਭਵਨ ਬਰਨਾਲਾ ਵਿਖੇ ਅਯੋਜਿਤ ਕੀਤਾ ਗਿਆ , ਜੋ ਕੱਲ੍ਹ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੁੱਲ ਹਿੰਦ ਪਲੈਨਮ ਵਿਚ ਪੰਦਰਾਂ ਸੂਬਿਆਂ ਤੋਂ ਕਰੀਬ 120 ਡੈਲੀਗੇਟ ਸ਼ਾਮਲ ਹੋਏ। 22 ਨਵੰਬਰ ਨੂੰ ਪਲੈਨਮ ਦੀ ਸ਼ੁਰੂਆਤ ਆਮ ਸਭਾ ਨਾਲ ਹੋਈ, ਪਲੈਨਮ ਤੋਂ ਇੱਕ ਦਿਨ ਪਹਿਲਾਂ “ਜਾਤੀ ਵਿਨਾਸ਼ ਲਹਿਰ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਪ੍ਰਤੀ ਕਮਿਊਨਿਸਟ ਨਜ਼ਰੀਆ” ਵਿਸ਼ੇ ਦੇ ਅਧਾਰਿਤ ਸੈਮੀਨਾਰ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਪੀ ਜ਼ੇ ਜੇਮਜ਼ ਨੇ ਪਲੈਨਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਲਸਤੀਨ ਵਿੱਚ ਫਾਸਿਸਟ ਯੁੱਧ ਅਪਰਾਧੀ ਇਜ਼ਰਾਈਲ ਵਲੋਂ ਲਗਾਤਾਰ ਸਮੂਹਿਕ ਹੱਤਿਆਵਾਂ ਅਤੇ ਨਸਲੀ ਸਫ਼ਾਇਆ ਕੀਤਾ ਜਾ ਰਿਹਾ ਹੈ। ਅਮਰੀਕੀ ਸਾਮਰਾਜਵਾਦ ਦਾ ਸਰਗਨਾ ਫਾਸ਼ੀਵਾਦੀ ਟਰੰਪ ਦਾ ਦੁਬਾਰਾ ਰਾਸ਼ਟਰਪਤੀ ਚੁਣਿਆਂ ਜਾਣਾ ਅਤੇ ਉਸਦੀ ਅਗਵਾਈ ਹੇਠ ਦੁਨੀਆਂ ਭਰ ਵਿੱਚ ਨਵ – ਨਾਜੀਵਾਦੀ ਅਤੇ ਨਵ – ਫਾਸ਼ੀਵਾਦੀ ਤਾਕਤਾਂ ਸਿਰ ਚੁੱਕ ਰਹੀਆਂ ਹਨ। ਭਾਰਤ ਵਿੱਚ ਵੀ ਟਰੰਪ ਦੇ ਸਹਿਯੋਗੀ ਆਰ ਐਸ ਐਸ ਮਨੂਵਾਦੀ ਫਾਸ਼ੀਵਾਦੀ ਤਾਕਤਾਂ ਵੱਲੋਂ ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹਨਾਂ ਦੇ ਖ਼ਿਲਾਫ਼ ਨਫ਼ਰਤ ਦੀ ਜ਼ਹਿਰ ਘੋਲੀ ਜਾ ਰਹੀ ਹੈ।
ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੀ ਕੇਂਦਰੀ ਕਮੇਟੀ ਨੇ ਦੇਸ਼ ਦੀਆਂ ਠੋਸ ਹਾਲਤਾਂ ਅਨੁਸਾਰ ਆਪਣੇ ਤਿੰਨ ਰੋਜ਼ਾ ਪਲੈਨਮ ਦੇ ਜ਼ਰੀਏ ਸਾਮਰਾਜਵਾਦ ਵਿਰੋਧੀ ਲੜਾਈ ਨੂੰ ਹੋਰ ਅੱਗੇ ਵਧਾਉਣ ਲਈ ਅਤੇ ਸੰਘੀ ਮਨੂੰਵਾਦੀ ਤਾਕਤਾਂ ਨੂੰ ਉਖਾੜ ਸੁੱਟਣ ਲਈ ਅਤੇ ਦੇਸ਼ ਅੰਦਰ ਆਜ਼ਾਦੀ ਦੀ ਸੱਚੀ- ਸੁੱਚੀ ਲੜਾਈ ਤੇਜ਼ ਕਰਨ ਲਈ ਗੰਭੀਰਤਾ ਨਾਲ ਚਰਚਾ ਕੀਤੀ ਗਈ ਹੈ। ਪਾਰਟੀ ਕੁੱਲ ਹਿੰਦ ਪਲੈਨਮ ਵਿਚ ਪਾਸ ਨੀਤੀਆਂ ਦੀ ਰੋਸ਼ਨੀ ਵਿੱਚ ਮਿਹਨਤਕਸ਼ ਜਨਤਾ ਅਤੇ ਸਾਰੇ ਦੱਬੇ ਕੁੱਚਲੇ ਤਬਕਿਆਂ ਦੇ ਹਿਤਾਂ ਨੂੰ ਪਹਿਲ ਦੇ ਆਧਾਰ ‘ਤੇ ਅੱਗੇ ਰੱਖਕੇ ਆਮ ਜਨਤਾ ਨੂੰ ਇੱਕ ਜੁੱਟ ਕਰੇਗੀ। ਇਸਦੇ ਨਾਲ ਹੀ ਮਿਲਦੇ – ਜੁਲਦੇ ਵਿਚਾਰਾਂ ਵਾਲੀਆਂ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਨਾਲ ਲੈਕੇ ਜਮਹੂਰੀ ਇਨਕਲਾਬ ਦੇ ਕਾਰਜ਼ ਨੂੰ ਪੂਰਾ ਕਰੇਗੀ। ਪਾਰਟੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਮਹਾਨ ਕ੍ਰਾਂਤੀਕਾਰੀ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰਨਾਂ ਇਨਕਲਾਬੀ ਤਾਕਤਾਂ ਦੇ ਨਾਲ ਏਕਤਾ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ। ਪਲੈਨਮ ਵਿਚ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਆਰ ਮਨਸੱਈਆ, ਕਾਮਰੇਡ ਤੁਹਿਨ ਦੇਵ, ਕਾਮਰੇਡ ਸ਼ੰਕਰ ਦਾਸ, ਕਾਮਰੇਡ ਸੌਰਾ ਯਾਦਵ, ਕਾਮਰੇਡ ਪ੍ਰੋਮਿਲਾ ਉੜੀਸਾ, ਕਾਮਰੇਡ ਉਰਮਿਲਾ ਮੱਧ ਪ੍ਰਦੇਸ਼, ਕਾਮਰੇਡ ਕਬੀਰ, ਕਾਮਰੇਡ ਵਿਜੇ ਐਮ ਪੀ ਦੇ ਆਧਾਰਿਤ ਪ੍ਰਜੀਡੀਅਮ ਵੱਲੋਂ ਪੂਰੇ ਪਲੈਨਮ ਦਾ ਸੰਚਾਲਨ ਕੀਤਾ ਗਿਆ। ਆਰ ਐਸ ਐਸ ਮਨੂੰਵਾਦੀ ਫਾਸ਼ੀਵਾਦ ਨੂੰ ਉਖਾੜ ਸੁੱਟੋ, ਸਾਮਰਾਜਵਾਦ , ਭਗਵਾਂ ਸੰਘਵਾਦ, ਜਿਓਂਨਵਾਦੀ ਇਜ਼ਰਾਈਲ ਅਤੇ ਕਾਰਪੋਰੇਟ ਗੱਠਜੋੜ ਮੁਰਦਾਬਾਦ, ਜਾਤੀ ਵਿਵਸਥਾ ਦਾ ਖ਼ਾਤਮਾ ਅਤੇ ਲਿੰਗਕ ਭੇਦਭਾਵ ਦੇ ਖ਼ਿਲਾਫ਼ ਅੰਦੋਲਨ ਜਮਾਤੀ ਸੰਘਰਸ਼ ਦਾ ਅਟੁੱਟ ਅੰਗ ਹੈ, ਸਾਮਰਾਜਵਾਦ ਨਹੀਂ ਸਮਾਜਵਾਦ ਚਾਹੀਏ ਆਦਿ ਨਾਹਰਿਆਂ ਦੇ ਨਾਲ ਪਲੈਨਮ ਦੀ ਸਮਾਪਤੀ ਕੀਤੀ ਗਈ।



