ਪਿਛਲੇ 6 ਤੋਂ 7 ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਸ਼ਰੇਆਮ ਕੀਤਾ ਜਾ ਰਿਹਾ ਖੱਜਲ ਖੁਆਰ-ਕਾਮਰੇਡ ਅਕਲੀਆ
ਬਰਨਾਲਾ, ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ‘ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਸੈਂਕੜੇ ਮਜ਼ਦੂਰ ਅਤੇ ਮਨਰੇਗਾ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ। ਧਰਨੇ ਦੀ ਸ਼ੁਰੂਆਤ ਇਨਕਲਾਬੀ ਗਾਇਕ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ।
ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਖੁਸ਼ੀਆਂ ਸਿੰਘ, ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਛੇ ਸੱਤ ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਸ਼ਰੇਆਮ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਤੋਂ ਕੰਮ ਕਿਤੇ ਹੋਰ ਥਾਂ ਤੇ ਕਰਵਾਇਆ ਜਾਂਦਾ ਹੈ ਪਰ ਹਾਜ਼ਰੀ ਪੰਜ ਛੇ ਕਿਲੋਮੀਟਰ ਕਿਤੇ ਹੋਰ ਜਗ੍ਹਾ ਤੇ ਲਵਾਈ ਜਾਂਦੀ ਹੈ। ਇਸ ਨਾਲ ਮਜ਼ਦੂਰਾਂ ਉੱਪਰ ਆਰਥਿਕ ਬੋਝ ਵੀ ਵਧ ਗਿਆ ਹੈ ਅਤੇ ਅਤਿ ਦੀ ਗਰਮੀ ਵਿੱਚ ਮਜ਼ਦੂਰ ਤੰਗ ਪ੍ਰੇਸ਼ਾਨ ਵੀ ਹੁੰਦੇ ਹਨ। ਆਗੂਆਂ ਨੇ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਕਾਨੂੰਨ ਖ਼ਤਮ ਕਰਨਾ ਚਾਹੁੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਨਿਯਮਾਂ ਅਨੁਸਾਰ ਮਜ਼ਦੂਰਾਂ ਦੀ ਰਾਇ ਨਾਲ ਹਰ ਪੰਜਾਹ ਮਜ਼ਦੂਰਾਂ ਪਿੱਛੇ ਇਕ ਮੇਟ ਨਿਯੁਕਤ ਕੀਤਾ ਜਾਵੇ। ਪਿੰਡਾਂ ਦੇ ਸਰਪੰਚਾਂ ਅਤੇ ਸਿਆਸੀ ਰਸੂਖਵਾਨਾ ਦੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਭੋਲ਼ਾ ਸਿੰਘ ਕਲਾਲਮਾਜਰਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸ਼ਿੰਗਾਰਾ ਸਿੰਘ ਚੁਹਾਨ ਕੇ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਮਨਰੇਗਾ ਬਜਟ ਵਿੱਚ 48 ਹਜ਼ਾਰ ਕਰੋੜ ਦੀ ਕਟੌਤੀ ਕਰਕੇ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰ ਦਿੱਤਾ ਹੈ।ਮਜ਼ਦੂਰਾਂ ਨੂੰ ਕਿਤੇ ਵੀ ਸੌ ਦਿਨ ਦਾ ਕੰਮ ਨਹੀਂ ਮਿਲ਼ਿਆ। ਬਹੁਤੇ ਪਿੰਡਾਂ ਵਿੱਚ ਜਾਅਲੀ ਹਾਜ਼ਰੀਆਂ ਲਾਕੇ ਅਤੇ ਸਰਪੰਚਾਂ ਅਤੇ ਰਸੂਖਵਾਨ ਲੋਕਾਂ ਵਲੋਂ ਮਨਰੇਗਾ ਮਜ਼ਦੂਰਾਂ ਤੋਂ ਆਪਣੇ ਨਿੱਜੀ ਕੰਮ ਕਰਵਾਏ ਜਾ ਰਹੇ ਹਨ। ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ, 700 ਰੁਪਏ ਦਿਹਾੜੀ ਅਤੇ ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਮਹਿਕਮੇ ਦੇ ਕਰਮਚਾਰੀਆਂ ਵੱਲੋਂ ਸਰਪੰਚਾਂ ਨਾਲ ਮਿਲਕੇ ਮਨਮਰਜ਼ੀ ਨਾਲ ਲਿਸਟਾਂ ਬਣਾਈਆਂ ਜਾਂਦੀਆਂ ਹਨ ਪਰ ਜਿਨ੍ਹਾਂ ਮਜ਼ਦੂਰਾਂ ਨੂੰ ਕੰਮ ਦੀ ਲੋੜ ਹੈ, ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਇਹ ਵੀ ਕਿਹਾ ਕਿ ਮਨਰੇਗਾ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ। ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ । ਜਿਸਦੀ ਜ਼ਿਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਮਜ਼ਦੂਰ ਆਗੂਆਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦੇ ਅਧਾਰਿਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਫ਼ੈਸਲਾ ਕੀਤਾ ਕਿ ਜੇਕਰ ਡੀ ਸੀ ਮੈਡਮ ਨੇ ਇੱਕ ਹਫ਼ਤੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਨਾਂ ਕਰਵਾਈ, ਤਾਂ ਅਗਲੇ ਹਫ਼ਤੇ ਜ਼ਾਮ ਲਾਇਆ ਜਾਵੇਗਾ।ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਕਸ਼ਮੀਰ ਸਿੰਘ ਗੁਦਾਈਆਂ ਸੂਬਾ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ,ਕਾਮਰੇਡ ਨਛੱਤਰ ਸਿੰਘ ਰਾਮਨਗਰ, ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਗੁਮਟੀ, ਹਰਚਰਨ ਸਿੰਘ ਰੂੜੇਕੇ ਕਲਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।