ਗੁਰਦਾਸਪੁਰ, 22 ਜੂਨ ( ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਭਗਵੰਤ ਮਾਨ ਸਰਕਾਰ ਵੱਲੋਂ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵਿਰੁੱਧ ਨਜ਼ਰਬੰਦੀ ਕਾਨੂੰਨ ਐਨ ਐਸ ਏ ਵਿੱਚ ਕੀਤੇ ਵਾਧੇ ਨੂੰ ਬੇਲੋੜਾ ਅਤੇ ਤਾਨਾਸ਼ਾਹੀ ਕਦਮ ਕਿਹਾ ਹੈ।ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਸ ਕਦਮ ਨਾਲ ਪੰਜਾਬ ਵਿੱਚ ਹਰ ਤਰ੍ਹਾਂ ਦੇ ਕੱਟੜਵਾਦ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਰਾਜਨੀਤੀ ਦਾ ਧਰੁਵੀਕਰਨ ਹੋਵੇਗਾ।ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੰਜ਼ ਕਰਕੇ ਭਾਜਪਾ ਦੀ ਸੇਵਾ ਕਰ ਰਹੇ ਹਨ ਕਿਉਂਕਿ ਭਾਜਪਾ ਅਤੇ ਆਰ ਐਸ ਐਸ ਦਾ ਸਾਰਾ ਜੋਰ ਲਗਾ ਪਿਆ ਹੈ ਕਿ ਪੰਜਾਬ ਦੀ ਰਾਜਨੀਤੀ ਦਾ ਗਹਿਰਾ ਧਰੁਵੀਕਰਨ ਕੀਤਾ ਜਾਵੇ, ਭਾਜਪਾ ਦੀ ਲੋਕ ਸਭਾ ਚੋਣਾਂ ਦੇ ਵੋਟ ਪ੍ਰਤੀਸ਼ਤ ਵਿਚ ਹੋਇਆ ਵਾਧਾ ਵੀ ਇਸੇ ਰਾਜਨੀਤੀ ਦੀ ਦੇਣ ਸੀ। ਲਿਬਰੇਸ਼ਨ ਦਾ ਮੰਨਣਾ ਹੈ ਕਿ ਜਦੋਂ ਜੇਲ੍ਹ ਵਿਚ ਬੰਦ ਦੋ ਵਿਅਕਤੀ ਅਮਿਤਪਾਲ ਸਿੰਘ ਅਤੇ ਕਸ਼ਮੀਰ ਦੇ ਇੰਜੀਨੀਅਰ ਰਸੀਦ ਲੋਕ ਸਭਾ ਚੋਣਾਂ ਜਿੱਤ ਗਏ ਹਨ ਤਾਂ ਇਹ ਇਨਾਂ ਵਿਅਕਤੀਆਂ ਪ੍ਰਤੀ ਜਨਤਾ ਦੀ ਇਕ ਰਾਏਸ਼ੁਮਾਰੀ ਹੈ ਅਤੇ ਉਨ੍ਹਾਂ ਦਾ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਕਦਮ ਹੈ, ਤਾਂ ਇਸ ਹਾਲਤ ਵਿੱਚ ਉਨ੍ਹਾਂ ਨੂੰ ਨਵੇਂ ਕੇਸਾਂ ਵਿੱਚ ਫਸਾਉਣਾ ਸਰਕਾਰਾਂ ਦੀ ਗੈਰ ਜਮਹੂਰੀ ਕਾਰਵਾਈ ਹੈ ਅਤੇ ਉਨ੍ਹਾਂ ਨੂੰ ਜਿਤਾਉਣ ਵਾਲੇ ਵੋਟਰਾ ਨਾਲ ਬੇਇਨਸਾਫ਼ੀ ਹੈ। ਬੱਖਤਪੁਰਾ ਨੇ ਕਿਹਾ ਕਿ ਸਰਕਾਰ ਐਨ ਐਸ ਏ ਵਿੱਚ ਕੀਤਾ ਵਾਧਾ ਵਾਪਸ ਲਵੇ ਅਤੇ ਦੋਨਾਂ ਲੋਕ ਸਭਾ ਮੈਂਬਰਾਂ ਨੂੰ ਰਿਹਾ ਕੀਤਾ ਜਾਵੇ।


