ਰਾਏਪੁਰ, ਗੁਰਦਾਸਪੁਰ 22 ਜੂਨ ( ਸਰਬਜੀਤ ਸਿੰਘ)– ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਖੇ ਮੋਤੀ ਬਾਗ ਪ੍ਰੈਸ ਕਲੱਬ ਦੇ ਸਾਹਮਣੇ ਛਤੀਸਗੜ੍ਹ ਘੱਟ ਗਿਣਤੀਆਂ ਦੇ ਵੱਖ ਵੱਖ ਵਰਗਾਂ, ਜ਼ਮਹੂਰੀ ਅਤੇ ਇਨਸਾਫ਼ ਪਸੰਦ ਤਾਕਤਾਂ ਵੱਲੋਂ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਕਾਰੀਆਂ ਵੱਲੋਂ ਛਤੀਸਗੜ੍ਹ ਸਰਕਾਰ, ਮੋਦੀ ਸਰਕਾਰ ਅਤੇ ਭਾਜਪਾ -ਆਰ ਐਸ ਐਸ ਦੀਆਂ ਫਿਰਕੂ ਫਾਸ਼ੀਵਾਦੀ ਕਾਰਵਾਈਆਂ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ ਗਈ। ਪ੍ਰਦਰਸ਼ਨ ਕਾਰੀਆਂ ਦਾ ਕਹਿਣਾ ਸੀ ਕਿ ਲੰਘੀ 6 ਜੂਨ ਦੀ ਰਾਤ ਨੂੰ (ਛਤੀਸਗੜ੍ਹ -ਮੱਧ ਪ੍ਰਦੇਸ ਦੀ ਹੱਦ ਤੇ ) ਆਰੰਗ ਵਿਖੇ 10-12 ਭਾਜਪਾਈ ਗੂੰਡਿਆਂ ਵੱਲੋਂ ਸਹਾਰਨਪੁਰ ( ਉੱਤਰ ਪ੍ਰਦੇਸ਼ ) ਦੇ ਤਿੰਨ ਮੁਸਲਮਾਨ ਨੌਜਵਾਨਾਂ ਨੂੰ ‘ਮਹਾਂਨਦੀ’ ਦੇ ਪੁਲ ‘ਤੇ ਘੇਰਕੇ ਅਤੇ ਗਊ ਤਸਕਰੀ ਦਾ ਝੂਠਾ ਦੋਸ਼ ਲਾਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿਸ ਕਰਕੇ ਚਾਂਦ ਮੀਆਂ ਅਤੇ ਗੁੱਡੂ ਨਾਂ ਦੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਗੁੰਡਿਆਂ ਵੱਲੋਂ ਮਾਰਨ ਤੋਂ ਬਾਅਦ ਇਹਨਾਂ ਨੂੰ ਮਹਾਂਨਦੀ ਵਿੱਚ ਸੁੱਟ ਦਿੱਤਾ। ਜਦੋਂ ਕਿ ਤੀਜੇ ਨੌਜਵਾਨ ਸਦਾਮ ਹੁਸੈਨ ਦੀ ਹਸਪਤਾਲ ਜਾਕੇ ਮੌਤ ਹੋ ਗਈ। ਸੂਬੇ ਦੀ ਭਾਜਪਾ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਗੈਰ ਜ਼ਿੰਮੇਵਾਰੀ ਅਤੇ ਘੋਰ ਅਣਗਹਿਲੀ ਵਰਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਬਣਾਉਣ ਦੇ ਬਾਵਜੂਦ ਅਜੇ ਤੱਕ ਕੋਈ ਗਿਰਫ਼ਤਾਰੀ ਨਹੀਂ ਕੀਤੀ ਗਈ। ਇਸ ਫਿਰਕੂ ਅਤੇ ਘੋਰ ਇਸਲਾਮਿਕ ਫ਼ੋਬੀਆ (ਇਸਲਾਮ ਦਾ ਡਰ ਦਿਖਾਕੇ ਸਮਾਜ ਵਿੱਚ ਜ਼ਹਿਰ ਪੈਦਾ ਕਰਨਾ ) ਦੇ ਖ਼ਿਲਾਫ਼ ਅਤੇ ਇਸ ਘਟਨਾ ਵਿੱਚ ਕੋਈ ਨਿਆਂ ਨਾ ਮਿਲਦਾ ਦੇਖਕੇ ਸੂਬੇ ਦੇ ਮੁਸਲਮ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ। ਅੱਜ ਦੇ ਧਰਨਾ ਪ੍ਰਦਰਸ਼ਨ ਵਿੱਚ ਵੱਖ ਵੱਖ ਸੰਗਠਨਾਂ ਦੇ ਸੈਂਕੜੇ ਲੋਕਾਂ ਵੱਲੋਂ ਆਰੰਗ ਮੌਬ ਲੀਚਿੰਗ ਦੇ ਹਤਿਆਰਿਆਂ ਅਤੇ ਗਊ ਰੱਖਿਆਕ ਗੂੰਡਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਤਿੰਨਾਂ ਪੀੜਤ ਪ੍ਰੀਵਾਰਾਂ ਨੂੰ ਇਨਸਾਫ਼ ਅਤੇ ਯੋਗ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ। ਨਾਲ ਹੀ ਸੂਬੇ ਦੀਆਂ ਸੰਘੀ ਮਨੂੰਵਾਦੀ / ਬ੍ਰਾਹਮਣਵਾਦੀ ਫਾਸ਼ੀਵਾਦੀ ਤਾਕਤਾਂ ਵੱਲੋਂ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ ਇਸਾਈਆਂ ਉੱਪਰ ਵਧ ਰਹੇ ਅੱਤਿਆਚਾਰਾਂ ਨੂੰ ਰੋਕਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਕਾਰੀਆਂ ਵੱਲੋਂ ਗਊ ਰੱਖਿਆਕ ਗੂੰਡਾ ਗ੍ਰੋਹ ਦੀਆਂ ਫਿਰਕੂ ਫਾਸ਼ੀਵਾਦੀ ਕਾਰਵਾਈਆਂ ਅਤੇ ਅੱਤਿਆਚਾਰਾਂ ਉੱਪਰ ਸਖ਼ਤੀ ਨਾਲ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ। ਸੂਬੇ ਵਿੱਚ ਨਫ਼ਰਤੀ ਮਹੌਲ ਦੀ ਥਾਂ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾਉਣ ਉੱਪਰ ਜ਼ੋਰ ਦਿੱਤਾ ਗਿਆ। ਧਰਨੇ ਨੂੰ ਮੁਸਲਿਮ ਭਾਈਚਾਰੇ ਦੇ ਫ਼ਹੀਮ ਸ਼ੇਖ,ਸਹੇਲ ਅਸ਼ਰਫੀ, ਰਾਹਿਲ ਰਾਹੂਫੀ, ਨਸੀਮ ਭਾਈ, ਸਲਮਾਨ ਰਾਜਾ, ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਸੌਰਾ ਯਾਦਵ, ਜਨਤਕ ਸੰਘਰਸ਼ ਮੋਰਚਾ ਦੇ ਆਗੂ ਕਾਮਰੇਡ ਤੁਹਿਨ ਦੇਵ, ਪ੍ਰਸ਼ਾਦ ਰਾਉ, ਕਲਾਦਾਸ ਡਾਇਰੀਆ, ਸ਼ਹਿਜ਼ਾਦ ਹੁਸੈਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਧਰਨੇ ਵਿੱਚ ਪਹੁੰਚ ਕੇ ਸਿੱਖ, ਇਸਾਈ, ਬੋਧੀ, ਅਤੇ ਸਤਿਨਾਮੀ ਭਾਈਚਾਰੇ ਦੇ ਲੋਕਾਂ ਨੇ ਵੀ ਪੀੜਤ ਪ੍ਰੀਵਾਰਾਂ ਦੇ ਨਾਲ ਇੱਕਜੁੱਟਤਾ ਪ੍ਰਗਟਾਈ।