ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਨ ਲਈ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਗੁਰਦਾਸਪੁਰ ਜ਼ਿਲ੍ਹੇ 882 ਗ੍ਰਾਮ ਪੰਚਾਇਤਾਂ ਦੀ ਚੋਣ ਲਈ ਅੱਜ ਵੋਟਾਂ ਪੈਣ ਦਾ ਅਮਲ ਨਿਰਵਿਘਨ, ਸਫ਼ਲਤਾ ਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹ ਗਿਆ।ਇਸ ਦੌਰਾਨ ਵੋਟਰਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਪਿੰਡਾਂ ਵਿੱਚ ਲੋਕਾਂ ਨੇ ਸਵੇਰ 8 ਵਜੇ ਤੋਂ ਹੀ ਵੋਟਾਂ ਪੈਣ ਦੇ ਆਖਰੀ ਸਮੇਂ ਤੱਕ ਕਤਾਰਾਂ ‘ਚ ਖੜ੍ਹੇ ਹੋ ਕੇ ਮਤਦਾਨ ਕੀਤਾ। ਸਮੁੱਚੇ ਚੋਣ ਅਮਲ ਦਾ ਗੁਰਦਾਸਪੁਰ ਦੇ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ, ਐਸ ਐਸ ਪੀ ਗੁਰਦਾਸਪੁਰ, ਹਰੀਸ਼ ਦਯਾਮਾ ਅਤੇ ਐਸ ਐਸ ਪੀ ਬਟਾਲਾ,ਸੁਹੇਲ ਕਾਸਿਮ ਮੀਰ ਅਤੇ ਸੁਰਿੰਦਰ ਸਿੰਘ,ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਕਈ ਪੋਲਿੰਗ ਬੂਥਾਂ ‘ਤੇ ਜਾ ਕੇ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਗੁਰਦਾਸਪੁਰ ਅਤੇ ਬਟਾਲਾ ਨੇ ਚੋਣ ਅਮਲ ਨਿਰਵਿਘਨ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਲਈ ਸਮੂਹ ਵੋਟਰਾਂ, ਚੋਣ ਅਮਲੇ ਤੇ ਸੁਰੱਖਿਆ ਦਸਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਨੇ ਇਹ ਪੰਚਾਇਤੀ ਚੋਣਾਂ ਪੂਰੀ ਤਰ੍ਹਾਂ ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਵੋਟਾਂ ਸੁਤੰਤਰ ਤੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈਆਂ ਹਨ।ਵੋਟਾਂ ਦੀ ਗਿਣਤੀ ਵੀ ਵੋਟਾਂ ਪੈਣ ਦੀ ਪ੍ਰਕ੍ਰਿਆ ਖ਼ਤਮ ਹੋਣ ਮਗਰੋਂ ਸਬੰਧਤ ਪੋਲਿੰਗ ਸਟੇਸ਼ਨਾਂ ਵਿਖੇ ਹੀ ਕਰਵਾਈ ਗਈ। ਚੋਣਾਂ ਦੌਰਾਨ ਜਿੱਥੇ ਏ.ਡੀ.ਸੀ. ਦਿਹਾਤੀ ਵਿਕਾਸ, ਗੁਰਪ੍ਰੀਤ ਸਿੰਘ ਗਿੱਲ ਅਤੇ ਸਮੂਹ ਐਸ.ਡੀ.ਐਮਜ਼ ਤੇ ਰਿਟਰਨਿੰਗ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਉਥੇ ਹੀ ਸਮੂਹ ਐਸ.ਡੀ.ਐਮ. ਵਲੋਂ ਆਪਣੀਆਂ ਸਬ ਡਵੀਜਨਾਂ ਦੇ ਡੀ.ਐਸ.ਪੀਜ਼ ਨੂੰ ਨਾਲ ਲੈ ਕੇ ਚੋਣਾਂ ਵਾਲੇ ਪਿੰਡਾਂ ਦਾ ਦੌਰਾ ਕੀਤਾ ਅਤੇ ਚੋਣ ਅਮਲੇ ਸਮੇਤ ਚੋਣ ਲੜ ਰਹੇ ਉਮੀਦਵਾਰਾਂ ਤੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ।ਦੱਸਣਯੋਗ ਹੈ ਕਿ ਜਿਲ੍ਹੇ ਵਿਚ ਕੁੱਲ 1279 ਪੰਚਾਇਤਾਂ ਹਨ ਅਤੇ 397 ਪੰਚਾਇਤਾਂ, ਜਿਨ੍ਹਾਂ ਵਿੱਚ ਸਰਬਸੰਮਤੀ ਜਾਂ ਕੋਈ ਵੀ ਯੋਗ ਉਮੀਦਵਾਰ ਨਹੀਂ ਹੈ, ਸ਼ਾਮਲ ਹਨ।882 ਪੰਚਾਇਤਾਂ ਲਈ ਵੋਟਿੰਗ ਹੋਈ ਸੀ, ਜਿਸ ਲਈ 1090 ਪੋਲਿੰਗ ਬੂਥ ਬਣਾਏ ਗਏ ਸਨ।