ਧੀਆਂ ਨੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ – ਡਿਪਟੀ ਕਮਿਸ਼ਨਰ

ਗੁਰਦਾਸਪੁਰ

ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਿਆ ਤੇ ਕਲਾ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਚਲਾਈ ਜਾ ਰਹੀ ਬੇਟੀ ਬਚਾਓ , ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਵਿਸ਼ੇਸ਼ ਸਮਾਗਮ ਕਰਕੇ ਜ਼ਿਲ੍ਹੇ ਦੀਆਂ ਹੋਣ-ਹਾਰ ਧੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਹਰਜਿੰਦਰ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਜਸਪਿੰਦਰ ਸਿੰਘ ਸ਼ਾਮਲ ਹੋਏ।ਸਨਮਾਨ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ 19 ਸਿੱਖਿਆ ਬਲਾਕਾਂ ਦੀਆਂ 100 ਹੋਣ-ਹਾਰ ਧੀਆਂ ਨੂੰ ਸਿੱਖਿਆ ਅਤੇ ਕਲਾ ਦੇ ਖੇਤਰ ਵਿੱਚ ਵਡਮੁੱਲੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਦੌਰਾਨ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਪ੍ਰਸੰਸਾ ਸਰਟੀਫਿਕੇਟ ਅਤੇ ਕਿੱਟਾਂ ਦਿੱਤੀਆਂ ਗਈਆਂ।ਇਸ ਮੌਕੇ ਸਿੱਖਿਆ ਅਤੇ ਕਲਾ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਧੀਆਂ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲੜਕੀਆਂ ਨੂੰ ਲੈ ਕੇ ਸਮਾਜ ਦੀ ਸੋਚ ਵਿੱਚ ਵੱਡਾ ਫ਼ਰਕ ਵੀ ਆਇਆ ਹੈ ਪਰ ਫਿਰ ਵੀ ਸਮਾਜ ਵਿੱਚ ਕੁਝ ਲੋਕ ਅਜੇ ਵੀ ਮੌਜੂਦ ਹਨ ਜੋ ਲੜਕੇ ਤੇ ਲੜਕੀ ਵਿੱਚ ਫ਼ਰਕ ਕਰਦੇ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਲਈ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਪਰਵਾਜ਼ ਨਾਲ ਉੱਚੇ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੀਆਂ ਧੀਆਂ ਦੇ ਅੱਗੇ ਵਧਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਧੀਆਂ ਦੇ ਬੇਹਤਰ ਅਤੇ ਰੌਸ਼ਨ ਭਵਿੱਖ ਦੀ ਕਾਮਨਾ ਵੀ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਜਿੰਦਰ ਸਿੰਘ ਨੇ ਕਿਹਾ ਕਿ ਧੀਆਂ ਤੋਂ ਬਿਨਾਂ ਮਨੁੱਖੀ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਧੀਆਂ ਨੂੰ ਵਡਿਆਇਆ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਕਰਨਾ ਚਾਹੀਦਾ, ਇਹੀ ਸਭਿਅਕ ਸਮਾਜ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਮਾਣਯੋਗ‌ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਧੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਲੋਹੜੀ ਮੌਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਹੋਰ ਧੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਇਸ ਦੌਰਾਨ ਜਸਪਿੰਦਰ ਸਿੰਘ, ਆਈ.ਏ.ਐੱਸ. ਐੱਸ.ਡੀ.ਐੱਮ. ਦੀਨਾਨਗਰ ਨੇ ਮੁੱਖ ਮਹਿਮਾਨ ਸਮੇਤ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਸਮੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਲਖਵਿੰਦਰ ਸਿੰਘ, ਪ੍ਰਿੰਸੀਪਲ ਡਾ. ਆਰ.ਕੇ. ਤੁਲੀ, ਪ੍ਰੋ. ਪ੍ਰਬੋਧ ਗਰੋਵਰ, ਪ੍ਰੋ. ਸੋਨੂੰ, ਪ੍ਰੋ. ਨੀਲਮ, ਪ੍ਰੋ. ਸੁਧੀਰ, ਪ੍ਰੋ. ਸੱਜਣ, ਸੁਦੇਸ਼ ਕੁਮਾਰੀ, ਸੀਡੀਪੀਓ. ਦੋਰਾਂਗਲਾਂ, ਸੁਨੀਲ ਕੁਮਾਰ, ਮੰਨਤ ਮਹਾਜਨ, ਧੀਰਜ ਸ਼ਰਮਾ, ਅੰਕੁਸ਼ ਸ਼ਰਮਾ ਅਤੇ ਪਰਮਿੰਦਰ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸਮੇਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਨਾਰੀ ਸ਼ਕਤੀ ਕੇਂਦਰ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *