ਚੋਣ ਨਤੀਜ਼ਿਆਂ ਤੋਂ ਜਨਤਾ ਦੀ ‘ਫਾਸ਼ੀਵਾਦ ਵਿਰੋਧੀ ਭਾਵਨਾ’ ਅਤੇ ਵਿਰੋਧੀ ਧਿਰ ਵੱਲੋਂ ਇਸਦੀ ਵਰਤੋਂ ਕਰਨ ਵਿੱਚ ਅਸਫ਼ਲਤਾ ਉਜਾਗ਼ਰ ਹੋਈ-ਲਾਭ ਸਿੰਘ ਅਕਲੀਆ

ਗੁਰਦਾਸਪੁਰ

ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਲਾਭ ਸਿੰਘ ਅਕਲੀਆ , ਸੂਬਾ ਸਕੱਤਰ ਸੀ ਪੀ ਆਈ (ਐਮ ਐਲ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਚੋਣ ਨਤੀਜ਼ੇ ਧਾਰਾ 370 ਨੂੰ ਰੱਦ ਕਰਨ ਅਤੇ ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਖ਼ਿਲਾਫ਼ ਜਨਤਾ ਦਾ ਢੁੱਕਵਾਂ ਫ਼ੈਸਲਾ ਹੈ, ਬਹੁਤ ਹੀ ਉਤਸ਼ਾਹ ਜਨਕ ਹੈ ਅਤੇ ਖ਼ਾਸ ਕਰਕੇ ਜੰਮੂ ਕਸ਼ਮੀਰ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਣ ਹੈ। ਹਾਲਾਂ ਕਿ ਹਰਿਆਣਾ ਵਿੱਚ ਫਾਸ਼ੀਵਾਦੀ ‘ਡਬਲ ਇੰਜਣ’ ਦੀ ਸਰਕਾਰ ਹੈਟ੍ਰਿਕ (ਤੀਜ਼ੀ ਵਾਰ) ਜਿੱਤ ਖ਼ੁਦ ਫਾਸ਼ੀਵਾਦੀਆਂ ਦੇ ਲਈ ਵੀ ਹੈਰਾਨੀਜਨਕ ਹੈ। ਕਾਂਗਰਸ ਦੀ ਹਾਰ ਇਸਦੀ ਆਪਣੀ ਅੰਦਰਲੀ ਖਿਚੋਤਾਣ ਅਤੇ ਵਿਰੋਧੀ ਧਿਰ ਦੇ ਰਾਜਨੀਤਕ ਦੀਵਾਲ਼ੀਆਪਣ ਦਾ ਨਤੀਜ਼ਾ ਹੈ। ਇਸ ਬਾਰ ਵੀ ਬਸਪਾ ਅਤੇ ਇਨੈਲੋ ਦਾ ਗੱਠਜੋੜ ਭਾਵੇਂ 1.82 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰ ਸਕਿਆ ਪਰ ਭਾਜਪਾ ਵਿਰੋਧੀ ਵੋਟ ਨੂੰ ਵੰਡਕੇ ਆਪਣੀ ਸੌੜੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਆਰ ਐਸ ਐਸ/ ਭਾਜਪਾ ਫਾਸ਼ੀਵਾਦੀ ਗ੍ਰੋਹ ਦੀ ਜਿੱਤ ਦਾ ਸਬੱਬ ਬਣ ਗਿਆ।
ਇਸਤੋਂ ਵੀ ਵਧੇਰੇ ਜ਼ਿਕਰ ਕਰਨਾ ਹੋਵੇ, ਆਮ ਆਦਮੀ ਪਾਰਟੀ (ਆਪ) ਦੀ ਭੂਮਿਕਾ ਦਾ ਵੀ ਸ਼ੱਕੀ ਨਜ਼ਰਾਂ ਨਾਲ ਵੇਖਣ ਦੀ ਲੋੜ ਹੈ। ਆਪ ਪਾਰਟੀ ਹਰਿਆਣਾ ਚੋਣਾਂ ਦਾ ਐਲਾਨ ਹੋਣ ਤੱਕ ਇੰਡੀਆ ਗੱਠਜੋੜ ਦਾ ਹਿੱਸਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਣਾਂ ਦੇ ਬਿਲਕੁਲ ਨਜ਼ਦੀਕ ਜ਼ਮਾਨਤ ਉੱਤੇ ਰਿਹਾ ਹੋ ਕੇ ਆਏ ਕੇਜਰੀਵਾਲ ਨੇ ਅੰਦਰੋ – ਅੰਦਰੀ ਅਚਾਨਕ ਇੰਡੀਆ ਗੱਠਜੋੜ ਤੋਂ ਵਾਪਸੀ ਦਾ ਐਲਾਨ ਕਰ ਦਿੱਤਾ ਅਤੇ ਹਰਿਆਣੇ ਦੀਆਂ 90 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਵਿੱਢ ਦਿੱਤੀ ਅਤੇ 1.79 ਪ੍ਰਤੀਸ਼ਤ ਵੋਟ ਹਾਸਿਲ ਕਰਕੇ ਭਾਜਪਾ ਨੂੰ ਅਸਿੱਧੇ ਤੌਰ ਤੇ ਫਾਇਦਾ ਪਹੁੰਚਾਇਆ। ਇਸ ਦੇ ਨਾਲ ਹੀ ਕੇਜਰੀਵਾਲ ਨੂੰ ਗੱਠਜੋੜ ਦਾ ਹਿੱਸਾ ਬਣਾਕੇ ਰੱਖਣ ਵਿੱਚ ਕਾਂਗਰਸ ਦੀ ਅਸਫ਼ਲਤਾ ਵੀ ਸਾਫ਼ ਦਿਖਾਈ ਦਿੰਦੀ ਹੈ। ਭਾਜਪਾ ਵਿਰੋਧੀ ਪਾਰਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਲਚਕਦਾਰ ਫਾਸ਼ੀਵਾਦੀ ਉਪਕਰਣ ਦੇ ਰੂਪ ‘ਚ ਆਪ ਦੀ ਭੂਮਿਕਾ ਰਹੀ ਹੈ। ਜਦੋਂ ਕਿ ਪਿਛਲੀਆਂ ਚੋਣਾਂ ਸਮੇਂ ਵੀ ਇਹੀ ਨੀਤੀ ਸਾਬਤ ਹੋ ਚੁੱਕੀ ਹੈ। ਕਾਂਗਰਸ ਇਸ ਵਾਰ ਆਪਣਾ 11% ਵੋਟ ਵਧਾਉਣ ਵਿੱਚ ਕਾਮਯਾਬ ਜ਼ਰੂਰ ਹੋਈ ਹੈ। ਆਪ ਅਤੇ ਬਸਪਾ ਵਰਗੀਆਂ ਫੁੱਟ ਪ੍ਰਸਤ ਤਾਕਤਾਂ ਦੀਆਂ ਨੀਤੀਆਂ ਕਾਰਨ ਭਾਜਪਾ ਨੇ ਆਪਣੀ ਸਥਿਤੀ ਮਜ਼ਬੂਤ ਕਰਕੇ ਤੀਜ਼ੀ ਵਾਰ ਸੱਤ੍ਹਾ ਹਥਿਆ ਲਈ ਹੈ।
ਜੇਕਰ ਇਉਂ ਕਹਿਣਾ ਹੋਵੇ, ਜਿਵੇਂ – ਜਿਵੇਂ ਚੋਣਾਂ ਦੇ ਰੁਝਾਨਾਂ ਤੋਂ ਸਪੱਸ਼ਟ ਹੁੰਦਾ ਹੈ, ਆਮ ਲੋਕ ਲੰਬੇ ਸਮੇਂ ਤੋਂ ਕਾਰਪੋਰੇਟ ਅਤੇ ਫਾਸ਼ੀਵਾਦ ਦੇ ਖ਼ਿਲਾਫ਼ ਲੜਾਈ ਲੜਦੇ ਆ ਰਹੇ ਹਨ ਪਰ ਭਾਜਪਾ ਵਿਰੋਧੀ ਪਾਰਟੀਆਂ ਦਾ ਰਾਜਨੀਤਕ ਦੀਵਾਲੀਆਪਣ ਅਤੇ ਜਥੇਬੰਦਕ ਕਮਜ਼ੋਰੀ ਦੇ ਕਾਰਣ ਫਾਸ਼ੀਵਾਦ ਨੂੰ ਹਰਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀਆਂ ਹਨ। ਇਸ ਲਈ ਸਮੁੱਚੀ ਮਿਹਨਤਕਸ਼ ਜਨਤਾ, ਦਲਿਤਾਂ, ਘੱਟ ਗਿਣਤੀਆਂ, ਔਰਤਾਂ ਸਮੇਤ ਸਾਰੇ ਦੱਬੇ ਕੁੱਚਲੇ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਦੇਸ਼ ਵਿਆਪੀ ਫਾਸ਼ੀਵਾਦੀ ਮੋਰਚੇ ਦਾ ਨਿਰਮਾਣ ਕਰਨ ਦੀ ਲੋੜ ਹੈ, ਤਾਂ ਹੀ ਫਾਸ਼ੀਵਾਦ ਨੂੰ ਹਰਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *