ਇੰਡੀਅਨ ਡੈਂਟਲ ਐਸੋਸੀਏਸ਼ਨ ਨੇ ਗੁਰਦਾਸਪੁਰ ਵਿਖੇ ਲਗਾਇਆ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ
ਚੇਅਰਮੈਨ ਰਮਨ ਬਹਿਲ ਨੇ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ
ਗੁਰਦਾਸਪੁਰ, 12 ਫਰਵਰੀ (ਸਰਬਜੀਤ ਸਿੰਘ)– ਇੰਡੀਅਨ ਡੈਂਟਲ ਐਸੋਸੀਏਸ਼ਨ, ਗੁਰਦਾਸਪੁਰ ਵੱਲੋਂ ਪ੍ਰਧਾਨ ਡਾ: ਅਕਸ਼ਤ ਮਹਾਜਨ ਦੀ ਅਗਵਾਈ ਹੇਠ ਅੱਜ ਗੁਰਦਾਸਪੁਰ ਸ਼ਹਿਰ ਵਿਖੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤਾ ਗਿਆ। ਇਸ ਮੁਫ਼ਤ ਦੰਦਾਂ ਦੇ ਚੈਕਅੱਪ ਕੈਂਪ ਵਿੱਚ ਦੰਦਾਂ ਦੇ ਮਾਹਿਰ ਡਾਕਟਰਾਂ ਵੱਲੋਂ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਇੰਡੀਅਨ ਡੈਂਟਲ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਡੈਂਟਲ ਐਸੋਸੀਏਸ਼ਨ ਵੱਲੋਂ ਇਹ ਨੇਕ ਕਾਰਜ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਆਣਿਆਂ ਦਾ ਕਹਿਣਾ ਹੈ `ਅੱਖਾਂ ਗਈਆਂ ਤਾਂ ਜਹਾਨ ਗਿਆ ਅਤੇ ਦੰਦ ਗਏ ਤੇ ਸੁਆਦ ਗਿਆ`। ਇਸ ਲਈ ਦੰਦਾਂ ਦਾ ਮਨੁੱਖੀ ਸਰੀਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਸਹੀ ਦੇਖ-ਭਾਲ ਨਾ ਹੋਣ ਕਾਰਨ ਜਾਂ ਉਮਰ ਦੇ ਵੱਧਣ ਨਾਲ ਦੰਦਾਂ ਦੇ ਰੋਗ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਦੌਰਾਨ ਦੰਦਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਸ੍ਰੀ ਰਮਨ ਬਹਿਲ ਨੇ ਇੰਡੀਅਨ ਡੈਂਟਲ ਐਸੋਸੀਏਸ਼ਨ ਨੂੰ ਭਵਿੱਖ ਵਿੱਚ ਵੀ ਅਜਿਹੇ ਹਰ ਉਪਰਾਲੇ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਾ. ਅਕਸ਼ਿਤ ਮਹਾਜਨ, ਵਿਨੈ ਕਟਾਰੀਆ, ਸੁਖਵਿੰਦਰ ਕੁਮਾਰ, ਸਨਦੀਪ ਅਗਨੀਹੋਤਰੀ, ਗੁਰਵਿੰਦਰ ਸਿੰਘ ਚੌਹਾਨ, ਜੇ.ਬੀ.ਐੱਸ. ਰਿਆੜ ਵਿਕਰਮ ਗੰਡੋਤਰਾ ਅਤੇ ਡਾ. ਐੱਸ.ਪੀ. ਸਿੰਘ ਨੇ ਦੱਸਿਆ ਕਿ ਇੰਡੀਅਨ ਡੈਂਲਟ ਐਸੋਸੀਏਸ਼ਨ ਦੀ ਸਥਾਪਨਾ 1998 ਵਿੱਚ ਹੋਈ ਸੀ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਐਸੋਸੀਏਸ਼ਨ ਨੇ ਹੁਣ ਤੱਕ ਲਗਭਗ 600 ਸਕੂਲਾਂ ਵਿੱਚ ਦੰਦਾਂ ਬਾਰੇ ਜਾਗਰੂਕਤਾ ਕੈਂਪ ਲਗਾ ਕੇ ਲਗਭਗ ਛੇ ਲੱਖ ਬੱਚਿਆਂ ਨੂੰ ਸਿੱਖਿਆਦਾਇਕ ਲੈਕਚਰ ਦਿੱਤੇ ਹਨ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਫ਼ਤ ਡੈਂਟਲ ਚੈੱਕਅਪ ਕੈਂਪ ਵੀ ਲਗਾਏ ਗਏ ਹਨ। ਇਸ ਮੌਕੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਲੋਕੇਸ਼ ਗੁਪਤਾ ਵੀ ਹਾਜ਼ਰ ਸਨ।