ਕੈਂਪ ਦੌਰਾਨ ਮੌਕੇ ’ਤੇ ਹੋਏ ਕੰਮਾਂ ਤੋਂ ਸਰਹੱਦੀ ਪਿੰਡਾਂ ਦੇ ਵਸਨੀਕ ਬੇਹੱਦ ਖੁਸ਼
ਗੁਰਦਾਸਪੁਰ, 19 ਜਨਵਰੀ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਬੀਤੇ ਕੱਲ ਕਲਾਨੌਰ ਬਲਾਕ ਦੇ ਸਰਹੱਦੀ ਪਿੰਡ ਸ਼ਹੂਰਕਲਾਂ ਵਿਖੇ ਮਿਸ਼ਨ ‘ਅਬਾਦ’ ਤਹਿਤ ਲਗਾਏ ਵਿਸ਼ੇਸ਼ ਕੈਂਪ ਦਾ 400 ਤੋਂ ਵੱਧ ਵਿਅਕਤੀਆਂ ਨੇ ਲਾਭ ਉਠਾਇਆ ਹੈ। ਇਹ ਕੈਂਪ ਪਿੰਡ ਸ਼ਹੂਰਕਲਾਂ ਤੋਂ ਇਲਾਵਾ ਸਰਹੱਦੀ ਪਿੰਡ ਦੋਸਤਪੁਰ, ਕਮਾਲਪੁਰ ਜੱਟਾਂ, ਕੂਕਰ ਛੋਡ, ਛੋਹਣ ਅਤੇ ਚੌੜ ਕਲਾਂ ਦੇ ਵਸਨੀਕਾਂ ਲਈ ਲਗਾਇਆ ਗਿਆ ਸੀ।
ਮਿਸ਼ਨ ਅਬਾਦ ਤਹਿਤ ਪਿੰਡ ਸ਼ਹੂਰਕਲਾਂ ਵਿਖੇ ਲੱਗੇ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਪੰਚਾਇਤ ਵਿਭਾਗ ਵੱਲੋਂ 50 ਮਨਰੇਗਾ ਜਾਬ ਕਾਰਡ ਬਣਾਏ ਗਏ ਹਨ, ਜਦਕਿ 21 ਵਿਅਕਤੀਆਂ ਨੇ ਆਪਣੇ ਅਧਾਰ ਕਾਰਡ ਬਣਵਾਏ ਹਨ। ਇਸ ਤੋਂ ਇਲਾਵਾ 7 ਜਨਮ ਸਰਟੀਫਿਕੇਟ, 21 ਵਿਅਕਤੀਆਂ ਨੇ ਈ-ਸੇਵਾ ਦਾ ਲਾਭ ਉਠਾਇਆ। ਪਸ਼ੂ ਪਾਲਣ ਵਿਭਾਗ ਵੱਲੋਂ 16 ਵਿਅਕਤੀਆਂ ਨੂੰ ਵਿਭਾਗ ਦੀਆਂ ਸਕੀਮਾਂ ਦਾ ਲਾਭ ਦਿੱਤਾ ਗਿਆ। ਮਾਲ ਵਿਭਾਗ ਵੱਲੋਂ 7 ਜਾਤੀ ਸਰਟੀਫਿਕੇਟ ਅਤੇ 7 ਰਿਹਾਇਸ਼ੀ ਸਰਟੀਫਿਕੇਟ ਮੌਕੇ ’ਤੇ ਹੀ ਜਾਰੀ ਕੀਤੇ ਗਏ। ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 4 ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰੇ ਗਏ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 18 ਲੋੜਵੰਦ ਵਿਅਕਤੀਆਂ ਦੇ ਘਰਾਂ ਵਿੱਚ ਟਾਇਲਟ ਬਣਾਉਣ ਲਈ ਫਾਰਮ ਭਰੇ ਗਏ। ਖੇਤੀਬਾੜੀ ਵਿਭਾਗ ਵੱਲੋਂ 40 ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਦੱਸਿਆ ਗਿਆ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ’ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਮਾਹਿਰ ਡਾਕਟਰਾਂ ਨੇ 113 ਵਿਅਕਤੀਆਂ ਦੀ ਮੁਢਲੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਸੈਲਫ ਹੈਲਪ ਗਰੁੱਪ ਵੱਲੋਂ ਲਗਾਏ ਗਏ ਸਟਾਲ ਤੋਂ 55 ਵਿਅਕਤੀਆਂ ਨੇ ਸਮਾਨ ਦੀ ਖਰੀਦ ਕੀਤੀ। ਇਸ ਤੋਂ ਇਲਾਵਾ 100 ਤੋਂ ਵੱਧ ਨੌਜਵਾਨ ਲੜਕਿਆਂ ਨੂੰ ਪੰਜਾਬ ਪੁਲਿਸ, ਭਾਰਤੀ ਫੌਜ, ਬੀ.ਐੱਸ.ਐੱਫ. ਅਤੇ ਹੋਰ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦੇਣ ਨਾਲ ਉਨ੍ਹਾਂ ਨੂੰ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਗਿਆ।
ਸਰਹੱਦੀ ਪਿੰਡਾਂ ਦੇ ਵਸਨੀਕਾਂ ਨੇ ਮਿਸ਼ਨ ਅਬਾਦ ਤਹਿਤ ਲੱਗਣ ਵਾਲੇ ਕੈਂਪਾਂ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਧੰਨਵਾਦ ਕੀਤਾ ਹੈ।