ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਹਰਿਆਣਾ ਦੀ ਭਾਜਪਾ ਸਰਕਾਰ ਨੇ ਸਰਸੇ ਵਾਲੇ ਵਲਾਤਕਾਰੀ ਤੇ ਕਤਲ ਕੇਸਾਂ’ਚ ਦੋਸ਼ੀ ਪਾਉਣ ਤੋਂ ਉਪਰੰਤ ਸੁਨਿਹਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਸਾਧ ਨੂੰ ਵਾਰ ਵਾਰ ਛੁੱਟੀ ਪਰੋਲਾ ਦੇ ਕੇ ਕਾਨੂੰਨ ਅਤੇ ਇਨਸਾਫ਼ ਅਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ। ਭਾਵੇਂ ਕਿ ਉੱਚ ਅਦਾਲਤ ਹਾਈਕੋਰਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਾਂ ਵੱਲੋਂ ਬਾਰ ਬਾਰ ਦਿੱਤੀ ਜਾ ਰਹੀ ਪਰੋਲ ਦਾ ਵੱਡਾ ਵਿਰੋਧ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਕਈ ਵਾਰ ਪੁੱਛ ਚੁੱਕੀ ਹੈ ਕਿ ਜਿਹੜੇ ਕੇਸਾਂ’ਚ ਸਰਸੇ ਵਾਲਾ ਸਾਧ ਜੇਲ੍ਹ ਵਿੱਚ ਬੰਦ ਹੈ, ਅਜਿਹੇ ਕੇਸਾਂ’ਚ ਹੋਰ ਬੰਦ ਕੈਦੀਆਂ ਨੂੰ ਅਜਿਹੀਆਂ ਪਰੋਲ ਛੁਟੀਆਂ ਤੋਂ ਕਿਉਂ ਦੂਰ ਰੱਖਿਆ ਜਾ ਰਿਹਾ ਹੈ ,ਪਰ ਹਰਿਆਣਾ ਸਰਕਾਰ ਨਾ ਤਾਂ ਅਦਾਲਤ ਦੀ ਕੋਈ ਪਰਵਾਹ ਕਰ ਰਹੀ ਹੈ ਅਤੇ ਨਾ ਹੀ ਹੋ ਰਹੇ ਵੱਡੇ ਵਿਰੋਧ ਦੀ, ਜਿਸ ਤੋਂ ਸਾਫ ਸਪਸ਼ਟ ਹੋ ਰਿਹਾ ਹੈ ਕਿ ਦੇਸ਼ ਵਿੱਚ ਕਾਨੂੰਨ ਅਵਸਥਾ ਤੇ ਇਨਸਾਫ਼ ਨਾ ਦੀ ਕੋਈ ਚੀਜ਼ ਨਹੀਂ? ਕਿਉਂਕਿ ਇੱਕ ਪਾਸੇ ਤਾਂ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜ਼ੂਦ ਸਿੱਖ ਕੈਦੀਆਂ ਨੂੰ ਰਿਆਹ ਨਹੀਂ ਕੀਤਾ ਜਾ ਰਿਹਾ ਤੇ ਗੈਰ ਕਾਨੂੰਨੀ ਤੌਰ ਤੇ ਜੇਲਾਂ ਵਿੱਚ ਡੱਕੀ ਹੋਇਆ ਹੈ ਅਤੇ ਦੂਜੇ ਪਾਸੇ ਸਰਸੇ ਵਾਲੇ ਵਲਾਤਕਾਰੀ ਤੇ ਕਤਲਾਂ ਦੇ ਦੋਸ਼ੀ ਰਾਮ ਰਹੀਮ ਨੂੰ ਵਾਰ ਵਾਰ ਪਰੋਲ ਛੁੱਟੀ ਤੇ ਰਿਹਾਅ ਕਰਕੇ ਭਾਜਪਾ ਹਰਿਆਣਾ ਸਰਕਾਰ ਸ਼ਰੇਆਮ ਦੱਸ ਰਹੀ ਹੈ ਕਿ ਸਿੱਖਾ ਨੂੰ ਇਸ ਦੇਸ਼ ਵਿੱਚ ਕਦੇ ਵੀ ਇਨਸਾਫ਼ ਨਹੀਂ ਮਿਲ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਸਰਕਾਰ ਵੱਲੋਂ ਸਰਸੇ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇੱਕ ਵਾਰ ਫਿਰ ਪਰੋਲ ਛੁੱਟੀ ਦੇਣ ਦਾ ਵਿਰੋਧ ਅਤੇ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਤੁਰੰਤ ਰਿਆਹ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਦੱਸਿਆ ਕਈ ਵਾਰ ਗੈਰ ਕਾਨੂੰਨੀ ਦਿੱਤੀਆਂ ਜਾ ਰਹੀਆਂ ਪਰੋਲਾ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਹਾਈ ਕੋਰਟ ਨੂੰ ਇੱਕ ਰਿੱਟ ਪਟੀਸ਼ਨ ਰਾਹੀਂ ਦੱਸ ਵੀ ਚੁੱਕੀ ਹੈ ਕਿ ਸਾਧ ਦੀ ਪਰੋਲ ਬੰਦ ਕੀਤੀ ਜਾਵੇ, ਪਰ ਮਾਨਯੋਗ ਹਾਈ ਕੋਰਟ ਵੀ ਲੱਗਦਾ ਹੈ ਕਿ ਉਹ ਹਰਿਆਣਾ ਸਰਕਾਰ ਵੱਲੋਂ ਸਰਸੇ ਵਾਲੇ ਸਾਧ ਨੂੰ ਦਿੱਤੀ ਜਾ ਰਹੀ ਗੈਰ ਕਾਨੂੰਨੀ ਪਰੋਲ ਛੁੱਟੀ ਦੇਣ ਵਾਲੀ ਕਾਨੂੰਨ ਵਿਰੋਧੀ ਨੀਤੀ ਅੱਗੇ ਬੇਵੱਸ ਹੋਇਆ ਪਿਆ ਹੈ, ਜਿਸ ਤੋਂ ਸਾਫ ਸਪੱਸ਼ਟ ਹੋ ਰਿਹਾ ਹੈ ਕਿ ਦੇਸ਼ ਵਿੱਚ ਕਾਨੂੰਨ ਤੇ ਇਨਸਾਫ਼ ਵਾਲੀ ਵਿਵਸਥਾ ਖਤਮ ਹੋ ਚੁੱਕੀ ਹੈ ਅਤੇ ਸਿੱਖਾਂ ਨੂੰ ਕਦੇ ਵੀ ਇਥੇ ਇਨਸਾਫ਼ ਨਹੀਂ ਮਿਲ ਸਕਦਾ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ, ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਰੀਵਾਲ, ਭਾਈ ਜਗਜੀਤ ਸਿੰਘ ਸੈਦੇਸ਼ਾਹਵਾਲਾ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਬਾਬਾ ਗੁਰਦੀਪ ਸਿੰਘ, ਬਾਬਾ ਕਰਮ ਸਿੰਘ ਰੂਮੀ ਵਾਲਾ ਆਦਿ ਆਗੂ ਹਾਜਰ ਸਨ।।


