ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਕੀਤੀ

ਗੁਰਦਾਸਪੁਰ

ਸੁੱਕਾ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ ਝੋਨੇ ਦੀ ਖ਼ਰੀਦ ਲਈ ਕੁੱਲ 92 ਖ਼ਰੀਦ ਕੇਂਦਰ ਸਥਾਪਿਤ ਕੀਤੇ

ਗੁਰਦਾਸਪੁਰ,  29 ਸਤੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਵੇਚਣ ਲਈ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫ਼ੀਸਦੀ ਨਿਰਧਾਰਿਤ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਆਪਣੇ ਝੋਨੇ ਦੀ ਕਟਾਈ ਫਸਲ ਪੂਰੀ ਤਰ੍ਹਾਂ ਪੱਕਣ `ਤੇ ਹੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਜੇਕਰ ਝੋਨਾ ਸੁੱਕਾ ਹੋਵੇਗਾ ਤਾਂ ਉਸ ਵਿੱਚ ਨਮੀਂ ਦੀ ਮਾਤਰਾ ਵੀ ਵੱਧ ਤੋਂ ਵੱਧ 17 ਫ਼ੀਸਦੀ ਹੀ ਹੋਵੇਗੀ ਅਤੇ ਖ਼ਰੀਦ ਏਜੰਸੀਆਂ ਵੱਲੋਂ ਪਹਿਲ ਦੇ ਅਧਾਰ `ਤੇ ਉਸ ਸੁੱਕੇ ਝੋਨੇ ਨੂੰ ਖ਼ਰੀਦਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਖ਼ਰੀਫ਼ ਸੀਜ਼ਨ 2025-26 ਦੌਰਾਨ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2389 ਰੁਪਏ ਪ੍ਰਤੀ ਕੁਵਿੰਟਲ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖ਼ਰੀਦ ਲਈ ਕੁੱਲ 92 ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਖ਼ਰੀਦ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖ਼ਰੀਦ ਏਜੰਸੀਆਂ ਲਈ ਖ਼ਰੀਦ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਸ ਤਹਿਤ ਖ਼ਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈੱਡ, ਵੇਅਰ ਹਾਊਸ ਅਤੇ ਐਫ.ਸੀ.ਆਈ. ਝੋਨੇ ਦੀ ਖ਼ਰੀਦ ਕਰਨਗੀਆਂ। ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਨੂੰ ਸੀਜ਼ਨ ਦੌਰਾਨ ਬਾਰਦਾਨੇ ਦੀਆਂ ਕੁੱਲ 20606 ਗੱਠਾਂ ਦੀ ਲੋੜ ਹੈ ਅਤੇ ਖ਼ਰੀਦ ਏਜੰਸੀਆਂ ਪਾਸ ਸਾਰੀਆਂ 20903 ਗੱਠਾਂ ਉਪਲਬਧ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੰਬਾਈਨਾਂ ਰਾਹੀਂ ਫ਼ਸਲ ਦੀ ਕਟਾਈ ਵੀ ਕੇਵਲ ਦਿਨ ਵੇਲੇ ਹੀ ਕੀਤੀ ਜਾਵੇ ਅਤੇ ਸ਼ਾਮ 6:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ਉੱਪਰ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲਿਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਉਨ੍ਹਾਂ ਦੀ ਫ਼ਸਲ ਦਾ ਪੂਰਾ ਭਾਅ ਮਿਲ ਸਕੇ।

Leave a Reply

Your email address will not be published. Required fields are marked *