ਦਿਵਿਆਂਗ ਬੱਚੇ ਪੜ੍ਹਾਈ ਦੇ ਨਾਲ ਕਿੱਤਾ ਮੁਖੀ ਸਿਖਲਾਈ ਵੀ ਹਾਸਲ ਕਰਨਗੇ
ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਨੂਮਾਨ ਗੇਟ, ਗੁਰਦਾਸਪੁਰ ਵਿਖੇ ਰੂੰ ਤੋਂ ਬੱਤੀਆਂ ਬਣਾਉਣ ਦੀ ਮਸ਼ੀਨ (ਵਿਕਸ ਮੇਕਿੰਗ ਮਸ਼ੀਨ) ਸਥਾਪਤ ਕੀਤੀ ਗਈ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਇਸ ਵਿਕਸ ਮੇਕਿੰਗ ਮਸ਼ੀਨ ਦਾ ਉਦਘਾਟਨ ਕੀਤਾ ਗਿਆ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਿੱਖਿਆ ਵਿਭਾਗ ਅਧੀਨ ਚੱਲ ਰਹੇ ਜ਼ਿਲ੍ਹਾ ਪੱਧਰੀ ਸਪੈਸ਼ਲ ਰਿਸੋਰਸ ਸੈਂਟਰ ਜਿਸ ਵਿੱਚ 50 ਦਿਵਿਆਂਗ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਵੋਕੇਸ਼ਨਲ ਟਰੇਨਿੰਗ ਵੀ ਲੈ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਇਸ ਮਸ਼ੀਨ ਜਰੀਏ ਰੂੰ ਤੋਂ ਬੱਤੀਆਂ ਬਣਾਉਣ ਦੀ ਸਿਖਲਾਈ ਦਿੱਤੀ ਜਾਵੇਗੀ ਜੋ ਕਿ ਉਨ੍ਹਾਂ ਨੂੰ ਰੋਜ਼ਗਾਰ ਹਾਸਲ ਕਰਨ ਅਤੇ ਆਪਣੇ ਸਵੈ-ਰੋਜ਼ਗਾਰ ਸ਼ੁਰੂ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਡਾ. ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਪਰਮਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ.), ਸੁਰਜੀਤ ਸਿੰਘ ਸੀਨੀਅਰ ਸਹਾਇਕ, ਹਰਜੰਤ ਸਿੰਘ ਸੀਨੀਅਰ ਸਹਾਇਕ, ਸਤਪਾਲ ਮਸੀਹ ਡੀ.ਐੱਸ.ਈ, ਸ਼੍ਰੀਮਤੀ ਸ਼ਿਖਾ ਆਈ.ਈ.ਆਰ, ਵਰੁਣ ਸ਼ਰਮਾ ਆਈ.ਈ.ਏ.ਈ. ਅਤੇ ਮੁਹੰਮਦ ਨਦੀਮ ਵੀ ਹਾਜ਼ਰ ਸਨ।