ਕੀ ਮਾਨ ਸਰਕਾਰ ਅੰਦਰਖਾਤੇ ਪੰਜਾਬ ਨੂੰ ਬੀਜੇਪੀ ਦੇ ਹਵਾਲੇ ਕਰਨ ਦੀ ਸਾਜ਼ਿਸ਼ ਕਰ ਰਹੀ ਹੈ? ਇਸਤਰੀ ਜਥੇਬੰਦੀ ਨੇ ਕੀਤਾ ਸੁਆਲ
ਮਾਨਸਾ, ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)– ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਖੁਦਕੁਸ਼ੀ ਕਰਨ ਵਾਲੇ ਦਲਿਤ ਨੌਜਵਾਨ ਸਨਮਦੀਪ ਦੇ ਮਾਪਿਆਂ ਨੂੰ – ਜੋ ਇਨਸਾਫ਼ ਦੀ ਮੰਗ ਕਰਨ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਸਾਹਮਣੇ ਧਰਨੇ ਤੇ ਬੈਠੇ ਸਨ – ਨੂੰ ਪੁਲਸ ਵਲੋਂ ਧੱਕੇ ਨਾਲ ਚੁੱਕ ਕੇ ਥਾਣਿਆਂ ਵਿੱਚ ਬੰਦ ਕਰਨ ਅਤੇ ਉਸ ਨੌਜਵਾਨ ਦਾ ਜਬਰੀ ਸੰਸਕਾਰ ਕਰਨ ਦੀ ਸਖ਼ਤ ਨਿੰਦਾ ਕਰਦਿਆਂ, ਇਸ ਕਾਰਵਾਈ ਨੂੰ ਮਾਨ ਸਰਕਾਰ ਲਈ ਬੇਹੱਦ ਸ਼ਰਮਨਾਕ ਕਰਾਰ ਦਿੱਤਾ ਹੈ।
ਪ੍ਰਗਤੀਸ਼ੀਲ ਇਸਤਰੀ ਸਭਾ ਦੀਆਂ ਸੀਨੀਅਰ ਆਗੂਆਂ ਜਸਬੀਰ ਕੌਰ ਨੱਤ ਅਤੇ ਬਲਵਿੰਦਰ ਕੌਰ ਖਾਰਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਪਣੇ ਜ਼ਿਲੇ ਵਿੱਚ ਅਤੇ ਉਸ ਦੇ ਦੋ ਪ੍ਰਮੁੱਖ ਮੰਤਰੀਆਂ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦੇ ਵਿਧਾਨ ਸਭਾ ਹਲਕਿਆਂ ਵਿੱਚ ਬੀਤੇ ਕੁਝ ਦਿਨਾਂ ਵਿੱਚ ਪੁਲਸ ਜਬਰ ਤੇ ਤਸ਼ੱਦਦ ਦੀ ਇਹ ਤੀਜੀ ਘਿਨਾਉਣੀ ਘਟਨਾ ਹੈ। ਪਹਿਲਾਂ ਪਿੰਡ ਸੇਰੋਂ ਦੇ ਮੋਹਨਜੀਤ ਸਿੰਘ ਨੂੰ ਪੁਲਸ ਨੇ ਸਿਰਫ਼ ਨਸ਼ੇ ਦੇ ਵੱਧ ਰਹੇ ਪ੍ਰਕੋਪ ਖਿਲਾਫ ਰੋਸ ਪ੍ਰਗਟਾਵਾ ਕਰਨ ਬਦਲੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਫੇਰ ਸਤਾਧਾਰੀ ਪਾਰਟੀ ਦੇ ਪੰਚਾਇਤੀ ਚੌਧਰੀਆਂ ਵਲੋਂ ਪ੍ਰੇਸ਼ਾਨ ਕੀਤੇ ਜਾਣ ਤੇ ਪਿੰਡ ਤੂਰ ਬਣਜਾਰਾ ਦੇ ਦਲਿਤ ਮਜ਼ਦੂਰ ਗੁਲਜ਼ਾਰ ਸਿੰਘ ਨੇ ਖੁਦਕੁਸ਼ੀ ਕਰ ਲਈ ਅਤੇ ਹੁਣ ਪਿੰਡ ਕਨੋਈ ਦੇ ਖੁਦਕੁਸ਼ੀ ਕਰ ਗਏ ਦਲਿਤ ਨੌਜਵਾਨ ਦੇ ਇਨਸਾਫ਼ ਮੰਗ ਰਹੇ ਪਰਿਵਾਰ ਨੂੰ ਬੁਰੀ ਤਰ੍ਹਾਂ ਜ਼ਲੀਲ ਕਰਕੇ ਉਸ ਨੌਜਵਾਨ ਦਾ ਪੁਲਸ ਵਲੋਂ ਜਬਰੀ ਸੰਸਕਾਰ ਕਰਨ ਵਰਗੀ ਕਮੀਨਗੀ ਕੀਤੀ ਗਈ।
ਇਸਤਰੀ ਸਭਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਆਗੂਆਂ ਦੇ ਅਪਣੇ ਹਲਕਿਆਂ ਵਿੱਚ ਹੋ ਰਹੀਆਂ ਇਹ ਘਟਨਾਵਾਂ ਅਤੇ ਇੰਨਾਂ ਵੱਲ ਮਾਨ ਸਰਕਾਰ ਦੇ ਸਿਰੇ ਦੇ ਸੰਵੇਦਨਹੀਣ ਰਵਈਏ ਤੋਂ ਸੁਆਲ ਉਠਦਾ ਹੈ ਕਿ ਕੀ ਭਗਵੰਤ ਮਾਨ ਤੇ ਉਸ ਦੀ ਪਾਰਟੀ, ਅੰਦਰਖਾਤੇ ਪੰਜਾਬ ਨੂੰ ਬੀਜੇਪੀ ਦੇ ਹਵਾਲੇ ਕਰਨ ਦੀ ਕਿਸੇ ਗੁਪਤ ਸਾਜ਼ਿਸ਼ ਤਾਂ ਨਹੀਂ ਕਰ ਰਹੇ? ਬਿਆਨ ਵਿੱਚ ਸਨਮਦੀਪ ਦੇ ਮਾਪਿਆਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਐਸਸੀ-ਐਸਟੀ ਵਧੀਕੀਆਂ ਰੋਕੂ ਐਕਟ ਤਹਿਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।

