ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਭਾਰਤ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੀਜੇਪੀ ਦਾ ਏਜੰਟ ਬਣ ਕੇ ਵੱਖ ਵੱਖ ਸੂਬਿਆਂ ਵਿੱਚ ਇਕ ਪਾਸੜ ਤੌਰ ‘ਤੇ ਮੁਸਲਿਮ ਧਾਰਮਿਕ ਘੱਟ ਗਿਣਤੀ ਦੀਆਂ ਅਤੇ ਵਿਰੋਧੀ ਧਿਰ ਦੇ ਸਮਰਥਕਾਂ ਦੀਆਂ ਕਰੋੜਾਂ ਵੋਟਾ ਕੱਟਣ ਬਦਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਗੁਪਤਾ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਉਸ ਖਿਲਾਫ ਮਹਾਂ ਅਭਿਯੋਗ ਚਲਿਆ ਜਾਵੇ। ਕਿਉਂਕਿ ਹੁਣ ਇਹ ਸਾਹਮਣੇ ਆ ਚੁੱਕਾ ਹੈ ਕਿ ਮੁੱਖ ਚੋਣ ਕਮਿਸ਼ਨਰ ਦੂਜੇ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਦੇ ਬਗੈਰ ਮਨਮਾਨੇ ਢੰਗ ਨਾਲ ਇੱਕਲਾ ਹੀ ਅਹਿਮ ਫੈਸਲੇ ਦੇਸ਼ ਉਤੇ ਥੋਪ ਰਿਹਾ ਸੀ।
ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਵਲੋਂ ਰਾਸ਼ਟਰਪਤੀ ਨੂੰ ਲਿਖੇ ਇਸ ਪੱਤਰ ਦੀ ਕਾਪੀ ਨੂੰ ਪਾਰਟੀ ਵਲੋਂ ਇਥੋਂ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮੁੱਖ ਚੋਣ ਕਮਿਸ਼ਨਰ ਵਲੋਂ ਸੰਵਿਧਾਨਕ ਨਿਯਮਾਂ ਤੋਂ ਬਾਹਰ ਜਾ ਕੇ ਮਨਮਾਨੇ ਢੰਗ ਨਾਲ ਆਰੰਭ ਕੀਤੀ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ (SIR) ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਧੱਕੇ ਨਾਲ ਕੱਟੀਆ ਗਈਆਂ ਸਾਰੀਆਂ ਜਾਇਜ਼ ਵੋਟਾਂ ਨੂੰ
ਤੁਰੰਤ ਬਹਾਲ ਕੀਤਾ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਵੋਟਰਾਂ ਦਾ ਡਾਟਾ ਰੱਖਣ ਲਈ ਬਣਾਇਆ ਇਕ ਨਵਾਂ ਸਾਫਟਵੇਅਰ ਅਪਣੇ ਆਪ ਵਿੱਚ ਇਕ ਘਪਲਾ ਹੈ ਕਿਉਂਕਿ ਇਸ ਸਾਫਟਵੇਅਰ ਤੱਕ ਸਹਾਇਕ ਰਿਟਰਨਿੰਗ ਅਫ਼ਸਰਾਂ (ਸਬ ਡਵੀਜ਼ਨਲ ਮੈਜਿਸਟ੍ਰੇਟ) ਅਤੇ ਰਿਟਰਨਿੰਗ ਅਫ਼ਸਰਾਂ (ਡਿਪਟੀ ਕਮਿਸ਼ਨਰਾਂ) ਤੱਕ ਨੂੰ ਵੀ ਲੋੜੀਂਦੀ ਪਹੁੰਚ ਦਾ ਅਖ਼ਤਿਆਰ ਨਹੀਂ ਦਿੱਤਾ ਗਿਆ, ਜੋ ਵੋਟਰਾਂ ਵਲੋਂ ਸ਼ਿਕਾਇਤਾਂ ਮਿਲ਼ਣ ‘ਤੇ ਜਾਂਚ ਤੋਂ ਬਾਅਦ ਉਨ੍ਹਾਂ ਦੀਆਂ ਵੋਟਾਂ ਬਹਾਲ ਕਰਨ ਦਾ ਅਧਿਕਾਰ ਰੱਖਦੇ ਹਨ।
ਲਿਬਰੇਸ਼ਨ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਇਸ ਮਨਮਾਨੇ ਐਸਆਈਆਰ ਤੋਂ ਬਾਦ ਹੋਈਆਂ ਸਾਰੀਆਂ ਸੂਬਾਈ ਚੋਣਾਂ ਤੇ ਉਪ ਚੋਣਾਂ ਰੱਦ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ।
ਪਾਰਟੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਭਾਵਨਾ ਅਨੁਸਾਰ ਸੰਵਿਧਾਨ ਵਿੱਚ ਲੋੜੀਂਦੀ ਸੋਧ ਕਰਕੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਵਾਲੀ ਕਮੇਟੀ ਵਿੱਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਸ਼ਾਮਲ ਹੋਣ ਨੂੰ ਕਾਨੂੰਨੀ ਦਰਜਾ ਦਿੱਤਾ ਜਾ ਸਕੇ। ਪਾਰਟੀ ਨੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਦੀ ਕਾਰਵਾਈ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਵੇ।
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਸਮੁੱਚੀ ਵਿਰੋਧੀ ਧਿਰ ਨਾਲ ਮਿਲ ਕੇ ਇੰਨਾਂ ਮੰਗਾਂ ਦੇ ਪੱਖ ਵਿੱਚ ਦੇਸ਼ ਭਰ ਵਿੱਚ ਵਿਆਪਕ ਲੋਕ ਅੰਦੋਲਨ ਖੜ੍ਹਾ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ।

