ਸੀ.ਐਚ.ਓ ਵੱਲੋਂ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ, 18 ਸਤੰਬਰ ਨੂੰ ਦਿੜ੍ਹਬਾ ਵਿਖੇ ਹੋਵੇਗੀ ਰੋਸ ਰੈਲੀ
ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲਗਾਇਆ ਜਾਵੇਗਾ ਪੱਕਾ ਧਰਨਾ– ਡਾ ਸੁਨੀਲ ਤਰਗੋਤਰਾ
ਗੁਰਦਾਸਪੁਰ 16 ਸਤੰਬਰ (ਸਰਬਜੀਤ ਸਿੰਘ)– ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਅੱਜ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐਚ.ਓ) ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀ.ਐਚ.ਓ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮਾਣਯੋਗ ਸਿਵਲ ਸਰਜਨ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਕਿਹਾ ਕਿ ਆਪਣੀਆਂ ਮੰਗਾਂ ਦੇ ਹੱਲ ਲਈ ਸਰਕਾਰ ਅਤੇ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਪਰ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਅਜੇ ਤੱਕ ਮੰਗਾਂ ਦਾ ਕੋਈ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਗਿਆ। ਸਰਕਾਰ ਅਤੇ ਵਿਭਾਗ ਦੀ ਇਸ ਲਾਰੇਬਾਜ਼ੀ ਅਤੇ ਸਮਾਂ ਟਪਾਉਣ ਵਾਲੀ ਨੀਤੀ ਕਾਰਨ ਪੰਜਾਬ ਭਰ ਦੇ ਸੀ.ਐਚ.ਓ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਿਲਾ ਪ੍ਰਧਾਨ ਡਾ ਰਵਿੰਦਰ ਅਤੇ ਸੂਰਜ ਪ੍ਰਕਾਸ਼ ਨੇ ਕਿਹਾ ਕਿ ਸੀ.ਐਚ.ਓ ਦਾ ਕੈਡਰ ਸੈਂਕਸ਼ਨ ਕਰਕੇ ਰੈਗੂਲਰ ਗ੍ਰੇਡ ਪੇ ਦੇ ਕੇ ਰੈਗੂਲਰ ਕਰਨ, ਤਨਖਾਹ ਵਿੱਚ ₹5000/- ਪ੍ਰਤੀ ਮਹੀਨਾ ਵਾਧਾ ਅਤੇ ਬਣਦਾ ਬਕਾਇਆ ਦੇਣ, ਲੋਇਲਟੀ/ਐਕਸਪੀਰੀਅੰਸ ਬੋਨਸ ਬਹਾਲ ਕਰਨ, ਇਨਸੈਂਟਿਵ ਨੂੰ ਤਨਖਾਹ ਵਿੱਚ ਮਰਜ ਕਰਨ ਅਤੇ ਇਨਸੈਂਟਿਵ ਪਰਫਾਰਮਾ ਨੂੰ ਸੀ.ਐਚ.ਓ ਨੁਮਾਇੰਦਿਆਂ ਨਾਲ ਹੋਈ ਸਹਿਮਤੀ ਅਨੁਸਾਰ ਸੋਧਣ ਦੀਆਂ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਅਤੇ ਵਿਭਾਗ ਦੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
ਜਿਲਾ ਸਕੱਤਰ ਮੈਡਮ ਨਵਜੋਤ ਨੇ ਕਿਹਾ ਕਿ ਮੀਟਿੰਗਾਂ ਵਿੱਚ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਸੀ.ਐਚ.ਓ ਵਿੱਚ ਸਰਕਾਰ ਅਤੇ ਵਿਭਾਗ ਪ੍ਰਤੀ ਭਾਰੀ ਰੋਸ ਹੈ। ਹੁਣ ਸੀ.ਐਚ.ਓ ਆਪਣੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹਨ।
ਇਸੇ ਕੜੀ ਤਹਿਤ ਮਿਤੀ 18/09/2026 ਨੂੰ ਦਿੜ੍ਹਬਾ ਵਿਖੇ ਪੰਜਾਬ ਭਰ ਦੇ ਸੀ.ਐਚ.ਓ ਵੱਲੋਂ ਰੋਸ ਧਰਨਾ ਅਤੇ ਰੈਲੀ ਕੀਤੀ ਜਾਵੇਗੀ। ਇਹ ਰੈਲੀ ਸਰਕਾਰ ਅਤੇ ਵਿਭਾਗ ਵੱਲੋਂ ਸੀ.ਐਚ.ਓ ਦੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਲਗਾਤਾਰ ਲਾਰੇਬਾਜ਼ੀ ਅਤੇ ਮੰਗਾਂ ਨੂੰ ਲਟਕਾਉਣ ਦੀ ਨੀਤੀ ਦੇ ਵਿਰੋਧ ਵਿੱਚ ਕੀਤੀ ਜਾਵੇਗੀ।
ਸੀ.ਐਚ.ਓ ਐਸੋਸੀਏਸ਼ਨ ਪੰਜਾਬ ਨੇ ਸਪਸ਼ਟ ਕੀਤਾ ਕਿ ਜੇਕਰ 18 ਸਤੰਬਰ ਦੀ ਦਿੜ੍ਹਬਾ ਰੈਲੀ ਤੋਂ ਬਾਅਦ ਵੀ ਸੀ.ਐਚ.ਓ ਦੀਆਂ ਮੰਗਾਂ ਦਾ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਜਾਂਦਾ, ਤਾਂ ਸੰਘਰਸ਼ ਨੂੰ ਹੋਰ ਵਿਆਪਕ ਕਰਦੇ ਹੋਏ ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਸੀ.ਐਚ.ਓ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮਸਲੇ ਨੂੰ ਹੋਰ ਲਟਕਾਉਣ ਦੀ ਬਜਾਏ ਤੁਰੰਤ ਗੱਲਬਾਤ ਕਰਕੇ ਸਾਰੀਆਂ ਮੰਗਾਂ ਦਾ ਠੋਸ, ਲਿਖਤੀ ਅਤੇ ਸਮਾਂਬੱਧ ਹੱਲ ਕੀਤਾ ਜਾਵੇ। ਸੀ.ਐਚ.ਓ ਐਸੋਸੀਏਸ਼ਨ ਪੰਜਾਬ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਪੜਾਅਵਾਰ ਹੋਰ ਤੇਜ਼ ਕੀਤਾ ਜਾਵੇਗਾ।


