ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)– ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੌਕੇ ’ਤੇ ਪਟਾਕੇ ਵੇਚਣ ਸਬੰਧੀ ਸਬ-ਡਵੀਜਨ ਵਾਈਜ ਆਰਜ਼ੀ ਲਾਇਸੰਸਾਂ ਦੇ ਡਰਾਅ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਕੱਢੇ ਗਏ।
ਡਾ. ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਆਰਜ਼ੀ ਲਾਇਸੰਸ ਅਪਲਾਈ ਕਰਨ ਵਾਲੇ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਪੂਰੀ ਪਾਰਦਰਸ਼ਤਾ ਨਾਲ ਲੱਕੀ ਡਰਾਅ ਕੱਢਣ ਦੀ ਪ੍ਰੀਕਿਰਿਆ ਨੂੰ ਨੇਪਰੇ ਚਾੜਿਆ ਗਿਆ। ਇਸ ਮੌਕੇ ਕੁਲਦੀਪ ਚੰਦ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵੀ ਮੌਜੂਦ ਸਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਬ-ਡਵੀਜ਼ਨ ਵਾਈਜ਼ ਕੁੱਲ 12 ਆਰਜ਼ੀ ਲਾਇਸੰਸਾਂ ਲਈ 130 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਬਟਾਲਾ ਲਈ 6 ਆਰਜ਼ੀ ਲਾਇਸੰਸਾਂ ਲਈ ਸਭ ਤੋਂ ਵੱਧ 80 ਅਰਜ਼ੀਆਂ ਪ੍ਰਾਪਤ ਸਨ, ਜਿਨ੍ਹਾਂ ਵਿਚੋਂ 6 ਦਾ ਲੱਕੀ ਡਰਾਅ ਕੱਢਿਆ ਗਿਆ।
ਦੀਨਾਨਗਰ ਲਈ 4 ਆਰਜ਼ੀ ਲਾਇਸੰਸਾਂ ਲਈ 38 ਅਰਜ਼ੀਆਂ ਪ੍ਰਾਪਤ ਸਨ। ਗੁਰਦਾਸਪੁਰ ਲਈ 2 ਆਰਜ਼ੀ ਲਾਇਸੰਸਾਂ ਲਈ 2 ਹੀ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਲੱਕੀ ਡਰਾਅ ਦੀ ਸਾਰੀ ਪ੍ਰੀਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਦੱਸਿਆ ਕਿ ਡਰਾਅ ਵਿੱਚ ਜੇਤੂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਦੀਵਾਲੀ ਦੇ ਤਿਉਹਾਰ ਦੇ ਮੌਕੇ ਪਟਾਖੇ ਵੇਚਣ/ਸਟੋਰ ਕਰਨ ਸਮੇਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵਚਨਬੱਧ ਹੋਣਗੇ।
ਇਸ ਮੌਕੇ ਡਰਾਅ ਵਿੱਚ ਜੇਤੂ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਸਮੇਂ ਸੁਰੱਖਿਆ ਪ੍ਰਬੰਧਾਂ ਸਬੰਧੀ ਹਦਾਇਤਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਪਟਾਖਿਆਂ ਦਾ ਸਟਾਲ ਲਗਾਉਣ ਲਈ ਆਰਜੀ ਲਾਇਸੰਸ ਵਿੱਚ ਜੋ ਜਗ੍ਹਾਂ ਨਿਰਧਾਰਿਤ ਕੀਤੀ ਜਾਵੇਗੀ, ਉਸ ਜਗ੍ਹਾਂ ਤੇ ਹੀ ਪਟਾਖਿਆਂ ਦੇ ਸਟਾਲ ਲਗਾਏ ਜਾਣ।
ਡਰਾਅ ਕੱਢਣ ਦੌਰਾਨ ਦਰਖਾਸਤ ਕਰਤਾਵਾਂ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਜੇਕਰ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਆਰਜੀ ਲਾਇਸੰਸ ਬਿਨ੍ਹਾਂ ਕਿਸੇ ਸੁਣਵਾਈ ਦੇ ਰੱਦ ਕਰ ਦਿੱਤਾ ਜਾਵੇਗਾ ਅਤੇ ਦਰਖਾਸ਼ਤ ਕਰਤਾ ਵਲੋਂ ਜੋ ਡਰਾਫਟ ਰਕਮ 35000/- ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੇ ਨਾਮ ‘ਤੇ ਦਿੱਤਾ ਗਿਆ ਹੈ, ਉਹ ਜ਼ਬਤ ਕਰ ਲਿਆ ਜਾਵੇਗਾ।

