ਗੁਰਦਾਸਪੁਰ ਵਿਖੇ ‘ਨਸ਼ਾ ਮੁਕਤੀ ਮੋਰਚਾ’ ਦੀ ਜ਼ਿਲ੍ਹਾ ਪੱਧਰੀ ਰਿਵੀਊ ਮੀਟਿੰਗ

ਗੁਰਦਾਸਪੁਰ

ਨਸ਼ਿਆਂ ਖ਼ਿਲਾਫ਼ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਮਿਲ ਰਿਹਾ ਲੋਕਾਂ ਦਾ ਸਹਿਯੋਗ : ਰਮਨ ਬਹਿਲ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਦਿੱਤਾ ਜਾ ਰਿਹਾ ਵਿਸ਼ੇਸ਼ ਮਹੱਤਵ

ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਮੋਰਚਾ’ ਦੀ ਜ਼ਿਲ੍ਹਾ ਪੱਧਰੀ ਰਿਵੀਊ ਮੀਟਿੰਗ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਰਮਨ ਬਹਿਲ ਦੀ ਅਗਵਾਈ ਹੇਠ ਹੋਟਲ ਪੰਜਾਬੀ ਤੜਕਾ, ਨੇੜੇ ਜੀਵਨਵਾਲ ਬੱਬਰੀ ਵਿਖੇ ਕਰਵਾਈ ਗਈ।

ਮੀਟਿੰਗ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਵੱਖ-ਵੱਖ ਹਲਕਿਆਂ ਦੇ ਕੋਆਰਡੀਨੇਟਰਾਂ ਵੱਲੋਂ ਆਪਣੇ ਇਲਾਕਿਆਂ ਸਬੰਧੀ ਫੀਡਬੈਕ ਦਿੱਤੀ ਗਈ।

ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਾਲ-ਨਾਲ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਦੀ ਲਤ ਵਿੱਚ ਫਸੇ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਇਲਾਜ ਅਤੇ ਮੁੜ ਵਸੇਬੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਰਮਨ ਬਹਿਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਮੋਰਚਾ ਦੀ ਟੀਮ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਸਬੰਧੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚਾ ਕੇ ਕਾਰਵਾਈ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਇਹ ਲੜਾਈ ਨਿਰੰਤਰ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 3100 ਪੇਂਡੂ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੇ ਦੂਸਰੇ ਪੜਾਅ ਤਹਿਤ ਪੇਂਡੂ ਨੌਜਵਾਨਾਂ ਨੂੰ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।

ਮੀਟਿੰਗ ਦੌਰਾਨ ਨਸ਼ਾ ਮੁਕਤੀ ਮੋਰਚਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰਾਂ, ਵਾਈਸ ਕੋਆਰਡੀਨੇਟਰਾਂ ਅਤੇ ਬਲਾਕ ਕੋਆਰਡੀਨੇਟਰਾਂ ਵੱਲੋਂ ਆਪੋ-ਆਪਣੇ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਲੋਕਾਂ ਨਾਲ ਰਾਬਤਾ ਕਰਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦੀ ਰੋਕਥਾਮ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਾ ਮੁਕਤੀ ਮੋਰਚਾ ਦੀ ਟੀਮ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ।

ਇਸ ਮੌਕੇ ਤਹਿਸੀਲਦਾਰ ਗੁਰਦਾਸਪੁਰ ਮੁਨੀਸ਼ ਕੁਮਾਰ, ਡੀ.ਐਸ.ਪੀ. ਸ਼ਾਹਬਾਜ਼ ਸਿੰਘ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਗੁਰਦਾਸਪੁਰ ਲਖਵਿੰਦਰ ਸਿੰਘ, ਜ਼ਿਲ੍ਹਾ ਵਾਈਸ ਕੋਆਰਡੀਨੇਟਰ ਅਨਮੋਲਜੋਤ ਸਿੰਘ ਰੰਧਾਵਾ, ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ, ਹਲਕਾ ਕੋਆਰਡੀਨੇਟਰ ਪਵਨ ਕੁਮਾਰ, ਵਾਈਸ ਕੋਆਰਡੀਨੇਟਰ ਦਵਿੰਦਰ ਸਿੰਘ ਹੈਪੀ, ਸਰਪੰਚ ਗੁਰਜੀਵ ਸਿੰਘ ਟਿੰਕੂ ਬੱਬਰੀ, ਸਰਪੰਚ ਭੰਗਵਾ ਰਾਜੇਸ਼ ਸਮੇਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰ, ਹਲਕਾ ਵਾਈਸ ਕੋਆਰਡੀਨੇਟਰ, ਬਲਾਕ ਵਾਈਸ ਕੋਆਰਡੀਨੇਟਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *