ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ/ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਨੇੜੇ ਹੀ ਉਪਲਬਧ ਕਰਵਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਅੱਜ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਖਵਾਜਾ ਵਰਦਾਗ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਖਵਾਜਾ ਵਰਦਗ ਤੋਂ ਇਲਾਵਾ ਪਿੰਡ ਕੋਟਲੀ ਸੂਰਤ ਮੱਲੀ, ਕੋਟਲੀ, ਭਿੱਟੇਵਿੰਡ, ਢਿੱਲਵਾਂ ਅਤੇ ਪੱਤੀ ਵੜੈਚ ਦੇ ਵਸਨੀਕਾਂ ਨੇ ਵੀ ਭਾਗ ਲਿਆ।
ਵਿਸ਼ੇਸ਼ ਕੈਂਪ ਵਿੱਚ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ,ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ, ਗੁਰਦੀਪ ਸਿੰਘ ਰੰਧਾਵਾ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਵਿਪਨ ਭੰਡਾਰੀ, ਨਾਇਬ ਤਹਿਸੀਲਦਾਰ ਅਰਮਾਨਦੀਪ ਸਿੰਘ, ਬੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਹੁੰਚੇ। ਕੈਂਪ ਦੌਰਾਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਅੱਜ ਸਰਹੱਦੀ ਪਿੰਡ ਖਵਾਜਾ ਵਰਦਾਗ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਉਨ੍ਹਾਂ ਦੇ ਕੋਲ ਜਾ ਕੇ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਵਿੱਚ ਲੋਕਾਂ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਦਰਖਾਸਤਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਅਧਿਕਾਰੀਆਂ ਵੱਲੋਂ ਵਧੇਰੀਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੀਆਂ ਦਰਖਾਸਤਾਂ ਕਿਸੇ ਵਿਭਾਗ ਦੇ ਉੱਚ ਪੱਧਰ ਤੱਕ ਭੇਜਣ ਵਾਲੀਆਂ ਸਨ ਉਨ੍ਹਾਂ ਨੂੰ ਫਾਰਵਰਡ ਕੀਤਾ ਗਿਆ ਹੈ ਤਾਂ ਜੋ ਇਸ ਕੈਂਪ ਦੌਰਾਨ ਪ੍ਰਾਪਤ ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਵਿੱਚ ਕੀਤਾ ਜਾ ਸਕੇ। ਇਸ ਮੌਕੇ ਅਧਾਰ ਕਾਰਡ, ਜਾਤੀ ਸਰਟੀਫਿਕੇਟ, ਆਮਦਨ, ਰੂਰਲ, ਰੈਜੀਡੈਂਸ ਅਤੇ ਬਾਰਡਰ ਏਰੀਏ ਦੇ ਸਰਟੀਫਿਕੇਟ ਮੌਕੇ ’ਤੇ ਜਾਰੀ ਕੀਤੇ ਗਏ।
ਇਸ ਮੌਕੇ ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਜਿਸ ਵਿੱਚ ਕਿਸੇ ਵੀ ਵਰਗ ਦੇ ਵਿਅਕਤੀ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦਾ ਮੁੱਖ ਮੰਤਵ ਲੋਕਾਂ ਦੇ ਬਰੂੰਹਾਂ ਤੱਕ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਅਤੇ ਰਹਿੰਦੀਆਂ ਮੁਸ਼ਕਲਾਂ ਦੇ ਸਮਾਂਬੱਧ ਸਮਾਧਾਨ ਅਧਿਕਾਰੀ ਆਪਣੇ ਦਫ਼ਤਰ ਜਾ ਕੇ ਕਰਨਗੇ।