ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਖੇ 10 ਸਤੰਬਰ 2024 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਇਸ ਮੇਲੇ ਵਿੱਚ ਸ਼ਰਾਰਤੀ ਅਨਸਰ ਟਰੈਕਟਰਾਂ ਅਤੇ ਹੋਰ ਵਾਹਨਾਂ ਉੱਪਰ ਹੁੱਲੜਬਾਜ਼ੀ ਕਰਦੇ ਹਨ, ਉੱਚੀ ਅਵਾਜ਼ ਵਿੱਚ ਸਪੀਕਰ ਲਗਾਉਂਦੇ ਹਨ, ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਂਦੇ ਹਨ ਜਿਸ ਨਾਲ ਆਮ ਪਬਲਿਕ ਖ਼ਾਸ ਕਰਕੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰਿੰਦਰ ਸਿੰਘ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਬ-ਡਵੀਜ਼ਨ ਬਟਾਲਾ ਵਿਖੇ ਮਿਤੀ 9 ਸਤੰਬਰ 2024 ਤੋਂ 11 ਸਤੰਬਰ 2024 ਤੱਕ ਕੋਈ ਵੀ ਵਿਅਕਤੀ ਟਰੈਕਟਰਾਂ ਅਤੇ ਹੋਰ ਵਾਹਨਾਂ ‘ਤੇ ਹੁੱਲੜਬਾਜ਼ੀ ਨਹੀਂ ਕਰੇਗਾ, ਉੱਚੀ ਅਵਾਜ਼ ਵਿੱਚ ਸਪੀਕਰ ਅਤੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਨਹੀਂ ਚਲਾਏਗਾ। ਇਹ ਹੁਕਮ ਮੌਜੂਦਾ ਜ਼ਾਬਤਾ ਨੂੰ ਮੁੱਖ ਰੱਖਦੇ ਹੋਏ ਇੱਕਤਰਫ਼ਾ ਪਾਸ ਕੀਤਾ ਗਿਆ ਹੈ। ਇਹ ਹੁਕਮ 9 ਸਤੰਬਰ ਤੋਂ 11 ਸਤੰਬਰ 2024 ਤੱਕ ਲਾਗੂ ਰਹੇਗਾ।