ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਵਿੱਚ ਪਸ਼ੂਆਂ ਨੂੰ ਸੜਕਾਂ ਜਾਂ ਜਨਤਕ ਥਾਵਾਂ ’ਤੇ ਚਰਾਉਣ ’ਤੇ ਪਾਬੰਦੀ ਲਗਾਈ

ਗੁਰਦਾਸਪੁਰ

ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ) – ਸੁਰਿੰਦਰ ਸਿੰਘ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਮ ਜਨਤਾ ਨੂੰ ਇਹ ਹੁਕਮ ਕੀਤਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਦੇ ਅੰਦਰ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ’ਤੇ ਜਾਂ ਜਨਤਕ ਥਾਵਾਂ ’ਤੇ ਚਰਾਉਣ ਲਈ ਲੈ ਕੇ ਨਹੀਂ ਜਾਣਗੇ ਅਤੇ ਨਾ ਹੀ ਅਵਾਰਾ ਛੱਡਣਗੇ।
ਮਨਾਹੀ ਦੇ ਇਹ ਹੁਕਮ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਦੇ ਉੱਤੇ ਅਤੇ ਜਨਤਕ ਥਾਵਾਂ ’ਤੇ ਚਰਾਉਂਦੇ ਹਨ, ਜਿਸ ਕਾਰਨ ਸੜਕਾਂ ’ਤੇ ਦੁਰਘਟਨਾਵਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਜਦੋਂ ਵੀ ਪਸ਼ੂਆਂ ਨੂੰ ਸੜਕਾਂ ’ਤੇ ਖੁੱਲ੍ਹਾ ਛੱਡਿਆ ਜਾਂਦਾ ਹੈ ਤਾਂ ਇਹ ਪਸ਼ੂ ਅਕਸਰ ਬੇਕਾਬੂ ਹੋ ਜਾਂਦੇ ਹਨ ਅਤੇ ਰਾਹ ਜਾਂਦੇ ਵਿਅਕਤੀਆਂ ਦਾ ਨੁਕਸਾਨ ਕਰਦੇ ਹਨ। ਇਸ ਤੋਂ ਇਲਾਵਾ ਪਸ਼ੂ ਫ਼ਸਲਾਂ ਦਾ ਵੀ ਉਜਾੜਾ ਕਰਦੇ ਹਨ।
ਉਪਰੋਕਤ ਹਾਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਮ ਜਨਤਾ ਨੂੰ ਇਹ ਹੁਕਮ ਕੀਤਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਦੇ ਅੰਦਰ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ’ਤੇ ਜਾਂ ਜਨਤਕ ਥਾਵਾਂ ’ਤੇ ਚਰਾਉਣ ਲਈ ਲੈ ਕੇ ਨਹੀਂ ਜਾਣਗੇ ਅਤੇ ਨਾ ਹੀ ਪਸ਼ੂਆਂ ਨੂੰ ਅਵਾਰਾ ਛੱਡਣਗੇ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਇੱਕ ਤਰਫ਼ਾ ਪਾਸ ਕੀਤੇ ਹਨ। ਪਾਬੰਦੀ ਦੇ ਇਹ ਹੁਕਮ 30 ਅਗਸਤ ਤੋਂ 28 ਅਕਤੂਬਰ 2024 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *