ਗੁਰਦਾਸਪੁਰ, 1 ਸਤੰਬਰ ( ਸਰਬਜੀਤ ਸਿੰਘ)– ਪ੍ਰੈੱਸ ਨਾਲ਼ ਗੱਲ ਕਰਦਿਆਂ ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਾ ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਬਣੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਉਹਨਾਂ ਵੱਲੋਂ ਕਰੋਨਾ ਅਤੇ ਹੜ੍ਹਾਂ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੱਢੀ ਭੂਮਿਕਾ ਨਿਭਾਈ ਗਈ । ਸਰਕਾਰ ਦਵਾਰਾ ਚਲਾਏ ਜਾਂਦੇ ਸਿਹਤ ਸਬੰਧੀ ਪ੍ਰੋਗਰਾਮਾਂ ਨੂੰ ਉਹਨਾਂ ਵੱਲੋਂ ਪਿੰਡ ਪਿੰਡ ਲਾਗੂ ਕੀਤਾ ਗਿਆ ਪਰ ਸਰਕਾਰ ਵੱਲੋਂ ਉਹਨਾਂ ਨਾਲ਼ ਕੋਈ ਹਮਦਰਦੀ ਨਹੀਂ ਵਿਖਾਈ ਜਾ ਰਹੀ । ਪਿੱਛਲੇ ਲੰਮੇ ਸਮੇਂ ਤੋਂ ਲਟਕਦਿਆਂ ਆ ਰਹੀਆਂ ਆਪਣੀਆਂ ਮੰਗਾਂ ਸਬੰਧੀ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰੰਤੂ ਸਰਕਾਰ ਅਤੇ ਵਿਭਾਗ ਵੱਲੋਂ ਉਹਨਾਂ ਦੀਆਂ ਮੰਗਾਂ ਦੇ ਕੋਈ ਹੱਲ ਨਹੀਂ ਕੀਤੇ ਗਏ । ਪਿੱਛਲੇ ਦਿਨੀਂ ਯੂਨੀਅਨ ਦੇ ਆਗੂਆਂ ਵੱਲੋਂ ਮਾਣਯੋਗ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਮੁੱਖ ਮੰਤਰੀ ਸਾਹਿਬ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਜੀ ਨਾਲ਼ ਵੀ ਮੁਲਾਕਾਤ ਕੀਤੀ ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । 16 ਜੁਲਾਈ ਨੂੰ ਯੂਨੀਅਨ ਨੂੰ ਮੁੱਖਮੰਤਰੀ ਸਾਹਿਬ ਨਾਲ਼ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਅਤੇ 15 ਜੁਲਾਈ ਯਾਨੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਅਤੇ ਹਾਲੇ ਤੱਕ ਵੀ ਮੀਟਿੰਗ ਦੀ ਕੋਈ ਤਰੀਕ ਨਹੀਂ ਦਿੱਤੀ ਗਈ ਜਿਸ ਨਾਲ਼ ਪੂਰੇ ਪੰਜਾਬ ਦੇ ਮਲਾਜ਼ਮਾਂ ਵਿੱਚ ਭਾਰੀ ਰੋਸ ਹੈ ।
ਆਗੂਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਉਹਨਾਂ ਦੇ ਤਿੰਨ ਮਹੀਨੇ ਦੇ ਇੰਸੈਂਟਿਵ ਰੋਕੇ ਗਏ ਹਨ ਜੋ ਸਾਡੀ ਤਨਖ਼ਾਹ ਦਾ 40 ਫ਼ੀਸਦੀ ਹਿੱਸਾ ਹੈ ਅਤੇ ਅੱਜ ਦੀ ਵਧੀ ਹੋਈ ਮਹਿੰਗਾਈ ਦੇ ਸਮੇਂ ਵਿੱਚ ਅੱਧੀ ਤਨਖ਼ਾਹ ਨਾਲ਼ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ । ਇਸ ਸਭ ਤੋਂ ਪਰੇਸ਼ਾਨ ਹੋਕੇ ਸਾਰਿਆਂ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੇ 2500 ਸੀ ਐੱਚ ਓ 12 ਸਤੰਬਰ ਨੂੰ ਮੁੱਖਮੰਤਰੀ ਦੀ ਰਿਹਾਇਸ਼ ਸੰਗਰੂਰ ਵਿੱਖੇ ਧਰਨਾ ਲਗਾਉਣਗੇ ਅਤੇ ਭੁੱਖ ਹੜਤਾਲ ਤੇ ਬੈਠਣਗੇ । ਉਹਨਾਂ ਵੱਲੋਂ ਆਪਣੀਆਂ ਮੰਗਾਂ ਦੋਹਰਾਉਂਦੇ ਹੋਏ ਕਿਹਾ ਗਿਆ ਕਿ ਵਿਭਾਗ ਵੱਲੋਂ ਉਹਨਾਂ ਦੇ 3 ਮਹੀਨੇ ਦੇ ਰੋਕੇ ਹੋਏ ਪੈਸੇ ਦਿੱਤੇ ਜਾਣ, ਮੁੱਢਲੀ ਤਨਖ਼ਾਹ ਵਿੱਚ ਸੋਧ ਕਰਕੇ ਬਾਕੀ ਸੂਬਿਆਂ ਦੇ ਬਰਾਬਰ ਤਨਖ਼ਾਹ ਕੀਤੀ ਜਾਵੇ, ਐਨ ਐੱਚ ਐਮ ਮੁਲਾਜ਼ਮਾਂ ਦਾ ਲੋਇਲਟੀ ਬੋਨਸ ਜਾਰੀ ਕੀਤਾ ਜਾਵੇ, ਉਹਨਾਂ ਦੇ ਤਨਖ਼ਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ । ਅਗਰ ਉਹਨਾਂ ਦੀਆਂ ਮੰਗਾਂ ਤੇ ਸੁਣਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਪੂਰੀ ਤਰ੍ਹਾ ਕੰਮ ਬੰਦ ਕਰਨਗੇ ਅਤੇ ਪਿੰਡਾਂ ਵਿੱਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਨੂੰ ਠੱਪ ਕਰਨਗੇ ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ । ਆਉਣ ਵਾਲੀਆਂ ਜਿਮਨੀ ਚੋਣਾਂ ਅਤੇ ਪੰਚਾਇਤੀ ਚੌਣਾਂ ਵਿੱਚ ਉਹ ਸਾਰੇ ਪੰਜਾਬ ਵਿੱਚ ਲੜੀਵਾਰ ਰੈਲੀਆਂ ਕਰਨਗੇ ਅਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਜਾਗਰੂਕ ਕਰਨਗੇ । ਇਸ ਮੌਕੇ ਮਨਜੀਤ ਸਿੰਘ(ਸ੍ਰੀ ਮੁਕਤਸਰ ਸਾਹਿਬ),ਮੈਡਮ ਦੀਪਸ਼ਿਖਾ(ਮੋਹਾਲੀ),ਮੈਡਮ ਸਿਮਰਨਜੀਤ ਕੌਰ,(ਸ੍ਰੀ ਫਤਿਹਗੜ੍ਹ ਸਾਹਿਬ)ਦਵਿੰਦਰ ਸਿੰਘ(ਮਾਨਸਾ),ਸੰਜੀਵ(ਮਾਨਸਾ)ਡਾ ਬਲਜਿੰਦਰ ਸਿੰਘ,ਡਾ ਸੁਨੀਲ,ਡਾ ਦਲਜੀਤ,ਡਾ ਗੁਰਪ੍ਰੀਤ ਸਿੰਘ(ਐੱਸਬੀਐੱਸ ਨਗਰ)ਲਕਪ੍ਰੀਤ ਕੌਰ,ਸ਼ਵੇਤਾ(ਸ੍ਰੀ ਫਤਿਹਗੜ੍ਹ ਸਾਹਿਬ)ਆਦੀ ਮੌਜੂਦ ਸਨ ।