ਸਰਕਾਰੀ ਸਕੂਲਾਂ ਨੂੰ ਬਚਾਉਣ ਅਤੇ ਰੁਜ਼ਗਾਰ ਗਰੰਟੀ ਕਾਨੂੰਨ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ- ਰਾਜਵਿੰਦਰ ਸਿੰਘ ਰਾਣਾ

ਮਾਲਵਾ

ਗੇਹਲੇ (ਮਾਨਸਾ), ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ “ਸਕੂਲ ਬਚਾਓ–ਸਿੱਖਿਆ ਬਚਾਓ” ਮੁਹਿੰਮ ਤਹਿਤ ਅੱਜ ਪਿੰਡ ਗੇਹਲੇ ਦੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਪਿੰਡ ਦੀ ਲਾਇਬ੍ਰੇਰੀ ਵਿੱਚ ਇੱਕ ਭਰਵੀਂ ਜਨਤਕ ਮੀਟਿੰਗ ਹੋਈ, ਜਿਸ ਨੂੰ ਸੀਪੀਆਈ (ਐੱਮ.ਐੱਲ.) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਸੰਬੋਧਨ ਕੀਤਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਭਰ ਵਿੱਚ ਸਰਕਾਰੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਨੁਕਸਾਨ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਬੁਨਿਆਦੀ ਢਾਂਚਾ ਕਮਜ਼ੋਰ ਹੈ ਅਤੇ ਸਕੂਲਾਂ ਨੂੰ ਲੋੜੀਂਦੀਆਂ ਗ੍ਰਾਂਟਾਂ ਸਮੇਂ ਸਿਰ ਨਹੀਂ ਮਿਲ ਰਹੀਆਂ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਤੁਰੰਤ ਖਾਲੀ ਅਸਾਮੀਆਂ ਭਰੇ, ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰੇ ਅਤੇ ਸਰਕਾਰੀ ਸਿੱਖਿਆ ਨੂੰ ਤਰਜੀਹ ਦੇਵੇ।

ਸਕੂਲ ਦੌਰੇ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਗੇਹਲੇ ਦੇ ਸਕੂਲ ਕੋਲ ਆਪਣਾ ਖੇਡ ਮੈਦਾਨ ਨਹੀਂ ਹੈ, ਜਿਸ ਕਾਰਨ ਵਿਦਿਆਰਥੀਆਂ ਦੇ ਖੇਡਾਂ ਅਤੇ ਸਰੀਰਕ ਵਿਕਾਸ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀ ਘਾਟ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਮੀ ਵੀ ਇੱਕ ਗੰਭੀਰ ਮੁੱਦਾ ਬਣੀ ਹੋਈ ਹੈ।

ਵਿਚਾਰ-ਚਰਚਾ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਕਰਨੈਲ ਸਿੰਘ ਨੇ ਕਿਹਾ ਕਿ ਹਰ ਨਾਗਰਿਕ ਲਈ ਰੁਜ਼ਗਾਰ ਦੀ ਗਾਰੰਟੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ, ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਮੁਫ਼ਤ ਅਤੇ ਸਰਵਸੁਲਭ ਬਣਾਉਣ ਅਤੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ‘ਤੇ ਰੋਕ ਲਗਾਉਣ ਦੀ ਮੰਗ ਕੀਤੀ।

ਇੰਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਾਜਦੀਪ ਗੇਹਲੇ ਨੇ ਕਿਹਾ ਕਿ ਨੌਜਵਾਨਾਂ ਨੂੰ ਸਥਾਈ ਰੁਜ਼ਗਾਰ ਦੇਣ ਦੀ ਬਜਾਏ ਸਰਕਾਰਾਂ ਲੋਕਾਂ ਨੂੰ ਵੱਖ-ਵੱਖ ਰਾਹਤ ਯੋਜਨਾਵਾਂ ਤੱਕ ਸੀਮਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਲੋਕ-ਭਲਾਈ ਵਾਲੇ ਸਮਾਜ ਦੀ ਨੀਂਹ ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੇ ਮਜ਼ਬੂਤ ਅਧਿਕਾਰਾਂ ‘ਤੇ ਟਿਕੀ ਹੁੰਦੀ ਹੈ। ਇਸ ਲਈ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨਾ ਹੋਵੇਗਾ।

ਮੀਟਿੰਗ ਦੌਰਾਨ ਹੈਪੀ ਮਾਨ ਘਰਾਂਗਣਾ, ਰਾਜਦੀਪ ਗੇਹਲੇ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਹੋਰ ਸਾਥੀਆਂ ਨੇ ਵੀ ਆਪਣੇ ਵਿਚਾਰ ਰੱਖੇ। ਪਿੰਡ ਦੇ ਮੋਹਤਬਰ ਸੱਜਣਾਂ ਨੇ ਵੀ ਖੁੱਲ੍ਹ ਕੇ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਬੁਲਾਰਿਆਂ ਨੇ ਵਿਸਥਾਰ ਨਾਲ ਦਿੱਤੇ। ਮੀਟਿੰਗ ਕਰੀਬ ਇੱਕ ਘੰਟਾ ਚੱਲੀ ਅਤੇ ਇਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਪਿੰਡ ਗੇਹਲੇ ਵਿੱਚ ਇਨਕਲਾਬੀ ਨੌਜਵਾਨ ਸਭਾ ਦੀ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਗਿਆ। ਕਰਨੈਲ ਸਿੰਘ ਨੂੰ ਪ੍ਰਧਾਨ, ਸੁਖਜੀਤ ਸਿੰਘ (ਸੁਖੀ) ਨੂੰ ਪ੍ਰੈੱਸ ਸਕੱਤਰ, ਅਕਾਸ਼ਦੀਪ ਸਿੰਘ ਨੂੰ ਸਕੱਤਰ ਅਤੇ ਗੁਰਵਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਸਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਦੁੱਲੋਵਾਲ, ਲਾਰ ਸਿੰਘ, ਕਾਮਰੇਡ ਮਿੱਠੂ ਸਿੰਘ, ਚਮਕੌਰ ਸਿੰਘ, ਜਗਦੇਵ ਸਿੰਘ, ਗੋਵਾ ਅਤੇ ਪ੍ਰਤਾਪਾਲ ਸ਼ਰਮਾ ਸਮੇਤ ਹੋਰ ਨੌਜਵਾਨਾਂ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।

ਇਨਕਲਾਬੀ ਨੌਜਵਾਨ ਸਭਾ ਨੇ ਐਲਾਨ ਕੀਤਾ ਕਿ “ਸਕੂਲ ਬਚਾਓ–ਸਿੱਖਿਆ ਬਚਾਓ” ਮੁਹਿੰਮ ਨੂੰ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਲਿਜਾਇਆ ਜਾਵੇਗਾ ਅਤੇ ਸਰਕਾਰੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਹੱਕਾਂ ਲਈ ਵਿਆਪਕ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ।

Leave a Reply

Your email address will not be published. Required fields are marked *