ਬਸੰਤ ਰੁੱਤ ਦੀ ਬਿਜਾਏ ਪੱਤਝੜ੍ਹ ਰੁੱਤ ਦੇ ਗੰਨੇ ਦੀ  ਬਿਜਾਈ ਕਰਨੀ ਵਧੇਰੇ ਫਾਇਦੇਮੰਦ : ਕੇਨ ਕਮਿਸ਼ਨਰ

ਗੁਰਦਾਸਪੁਰ

ਕੇਨ ਕਮਿਸ਼ਨਰ ਵੱਲੋਂ ਵੱਖ ਵੱਖ ਪਿੰਡਾਂ ਵਿਚ ਗੰਨੇ ਦੀ ਫ਼ਸਲ ਦਾ ਲਿਆ ਜਾਇਜ਼ਾ

ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)— ਚਾਲੂ ਸੀਜ਼ਨ ਦੌਰਾਨ ਮੌਸਮ ਅਨਕੂਲ ਰਹਿਣ ਕਾਰਨ ਗੰਨੇ ਦੀ ਫ਼ਸਲ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀਆਂ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ ,ਇਸ ਲਈ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਜ਼ਰੂਰਤ ਤੋਂ ਬਗੈਰ ਛਿੜਕਾਅ ਜਾਂ ਯੂਰੀਆ ਖਾਦ ਨਹੀਂ ਵਰਤਣੀ ਚਾਹੀਦੀ। ਇਹ ਵਿਚਾਰ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਅਜਨਾਲਾ  ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡਾਂ  ਜਿਵੇਂ ਚੌੜਾ, ਛੋੜ , ਦੋਸਤਪੁਰ ਅਤੇ  ਸ਼ਹੂਰ ਆਦਿ ਦਾ ਦੌਰਾ ਕਰਦਿਆਂ ਪਿੰਡ ਸ਼ਹੂਰ ਵਿੱਚ ਦੇ ਅਗਾਂਹਵਧੂ ਕਿਸਾਨ  ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।

ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਗੰਨਾ ਵਿਕਾਸ ਅਫ਼ਸਰ ਸਤਿੰਦਰਜੀਤ ਸਿੰਘ ,ਅਰਸ਼ਦੀਪ ਸਿੰਘ ਏ. ਸੀ.ਡੀ.ਓ., ਗੁਰ ਜਤਿੰਦਰਪਾਲ ਸਿੰਘ ਡਵੀਜ਼ਨ ਇੰਚਾਰਜ, ਜਸਪਾਲ ਸਿੰਘ ਸਰਵੇਅਰ, ਅੰਮ੍ਰਿਤਪਾਲ ਸਿੰਘ ਸਰਵੇਅਰ ਮੌਜੂਦ ਸਨ

ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਪਹਿਲ ਕਰਦਿਆਂ ਗੰਨਾ ਕਾਸ਼ਤਕਾਰਾਂ ਦੀ ਅਦਾਇਗੀ ,ਸਹਿਕਾਰੀ ਖੰਡ ਮਿੱਲਾਂ ਵਲੋਂ 100 ਫੀਸਦੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ  ਗੰਨਾ ਕਾਸ਼ਤਕਾਰ ਦੀ ਸਬਸਿਡੀ ਦੀ ਅਦਾਇਗੀ ਬਕਾਇਆ ਰਹਿੰਦੀ ਹੈ ਤਾਂ ਉਹ ਸਬੰਧਤ ਖੰਡ ਮਿੱਲ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ 15 ਖੰਡ ਮਿੱਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਲੱਖ ਸੋਲਾਂ ਹਜਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ ਜੋਂ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ  3700 ਹੈਕਟੇਅਰ ਵਧ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਅਤੇ ਖੰਡ ਰਿਕਵਰੀ ਲੈਣ ਲਈ ਚੌੜੀ ਡੂੰਘੀ ਖਾਲੀ ਤਕਨੀਕ ਅਪਣਾਉਣ ਦੀ ਜ਼ਰੂਰਤ  ਹੈ ਕਿਉਂਕਿ ਇਸ ਵਿਧੀ ਨਾਲ ਬਿਜਾਈ ਕਰਨ ਨਾਲ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ  ਕਰਨਾ ਸੌਖਾ ਹੋ ਜਾਂਦਾ ਹੈ ਅਤੇ ਮਜ਼ਦੂਰਾਂ ਤੇ ਨਿਰਭਰਤਾ ਘਟਦੀ ਹੈ।   ਉਨ੍ਹਾਂ ਕਿਹਾ ਕਿ ਇਨ੍ਹਾਂ ਸਰਹੱਦੀ ਪਿੰਡਾਂ ਵਿਚ ਆਮ ਕਰਕੇ ਗੰਨੇ ਦੀ ਬਿਜਾਈ , ਬਸੰਤ ਰੁੱਤੇ ਰਵਾਇਤੀ ਤਕਨੀਕ ਨਾਲ ਕੀਤੀ ਜਾਂਦੀ ਹੈ ਜਿਸ ਨਾਲ ਪੈਦਾਵਾਰ ਤਾਂ ਘੱਟ ਮਿਲਦੀ ਹੀ ਹੈ ਅਤੇ ਖੰਡ ਦੀ ਮਾਤਰਾ ਵੀ ਘੱਟ ਮਿਲਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਪੈਦਾਵਾਰ ਅਤੇ ਖੰਡ ਦੀ ਮਾਤਰਾ ਲੈਣ ਲਈ ਜ਼ਰੂਰੀ ਹੈ ਕਿ ਗੰਨੇ ਦੀ ਬਿਜਾਈ ਅੱਸੂ ਦੇ ਮਹੀਨੇ ( ਸਤੰਬਰ – ਅਕਤੂਬਰ ) ਦੌਰਾਨ ਕੀਤੀ ਜਾਵੇ , ਅਜਿਹਾ ਕਰਨ ਨਾਲ ਫ਼ਸਲ ਨੂੰ ਪੱਕਣ ਲਈ ਵੱਧ ਸਮਾਂ ਮਿਲੇਗਾ ਜਿਸ ਨਾਲ ਵਧੇਰੇ ਪੈਦਾਵਾਰ ਦੇ ਨਾਲ ਨਾਲ  ਖੰਡ ਮਿੱਲਾਂ ਨੂੰ ਖੰਡ ਦੀ ਮਾਤਰਾ ਵੀ ਵੱਧ  ਮਿਲੇਗੀ। ਉਨ੍ਹਾਂ ਕਿਹਾ ਕਿ ਅੱਸੂ ਮਹੀਨੇ ਗੰਨੇ ਦੀ ਫ਼ਸਲ ਨਾਲ ਹੋਰ ਫ਼ਸਲਾਂ ਬਤੌਰ ਅੰਤਰ ਫ਼ਸਲ ਲੈ ਕੇ ਵਾਧੂ ਆਮਦਨ ਲਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਆ ਰਹੀ ਕਮੀ ਦੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਅੱਸੂ ਦੇ ਗੰਨੇ ਦੀ ਬਿਜਾਈ ਚੌੜੀ ਡੂੰਘੀ ਖਾਲੀ ਤਕਨੀਕ ਨਾਲ 4-5 ਫੁੱਟ ਦੀ ਦੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਗੰਨੇ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਘਟਦੇ ਹਨ ਅਤੇ ਪੈਦਾਵਾਰ ਵਧਦੀ ਹੈ, ਪਾਣੀ ਦੀ ਬਚਤ, ਵੱਧ ਝਾੜ ਅਤੇ ਖੇਤੀ ਕਾਰਜਾਂ ਨੂੰ ਆਸਾਨ ਬਣਾਉਂਦੀ ਹੈ।

ਮੌਕੇ ਤੇ ਮੌਜੂਦ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਖੇਤੀ ,ਨਵੀਨਤਮ ਤਕਨੀਕ ਨਾਲ ਕਰਨ ਲਈ ਜ਼ਰੂਰੀ ਹੈ ਕਿ ਗੰਨਾ ਕਾਸ਼ਤ ਕਾਰਾਂ ਕੋਲ ਨਵੀਂ ਮਸੀਨਰੀ ਵੀ ਹੋਵੇ ਇਸ ਲਈ ਗੰਨੇ ਦੀ ਕਾਸ਼ਤ ਲਈ ਲੋੜੀਂਦੀ ਖੇਤੀ ਮਸੀਨਰੀ ਸਬਸਿਡੀ ਤੇ ਮੁਹਈਆ ਕਰਵਾਈ ਜਾਵੇ।–

Leave a Reply

Your email address will not be published. Required fields are marked *