ਲਿਬਰੇਸ਼ਨ ਪੰਜਾਬ ਦੀ ਜਨਤਾ ਦੇ ਮੁੱਦਿਆਂ ਤੇ ਕਰੇਗੀ ਰਾਜਨੀਤਕ ਕਾਨਫਰੰਸਾਂ- ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 16 ਜੁਲਾਈ (‌‌ ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਦੋ ਦਿਨਾਂ ਸੂਬਾ ਕਮੇਟੀ ਦੀ ਮੀਟਿੰਗ ਗੁਰਨਾਮ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਕਰਨ ਪਿੱਛੋਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰੀਲੀਜ਼ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਅਤੇ ਦੇਸ਼ ਦੀ ਰਾਜਨੀਤਕ ਸਥਿਤੀ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਅਪਰਾਧੀ ਫੌਜਦਾਰੀ ਕਾਨੂੰਨਾਂ ਨੂੰ ਲੋਕਤੰਤਰ ਅਤੇ ਜਮਹੂਰੀ ਹੱਕਾਂ ਵਿਰੋਧੀ ਦਸਦਿਆਂ ਕਿਹਾ ਗਿਆ ਕਿ ਇਹ ਕਨੂੰਨ ਬਸਤੀਵਾਦੀ ਕਾਨੂੰਨਾਂ ਤੋਂ ਵੀ ਜਾਬਰ ਕਾਨੂੰਨ ਹਨ‌ ਅਤੇ ਇਨ੍ਹਾਂ ਕਾਨੂੰਨਾਂ ਨੂੰ ਬਿਨਾਂ ਕੋਈ ਬਹਿਸ ਕਰਨ ਤੋਂ ਗੈਰ ਜਮਹੂਰੀ ਢੰਗ ਨਾਲ ਪਾਸ ਕੀਤਾ ਗਿਆ ਸੀ ਜਿਨ੍ਹਾਂ ਕਾਲ਼ੇ ਕਾਨੂੰਨਾਂ ਨੂੰ ਦੇਸ਼ ਅਤੇ ਸਮਾਜ ਦੇ ਹਿਤ ਵਿਚ ਸਰਕਾਰ ਨੂੰ ਵਾਪਸ ਲੈਣਾ ਲੋੜੀਂਦਾ ਹੈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਪੁਨਰਗਠਨ ਐਕਟ 2019 ਵਿੱਚ ਸੋਧ ਕਰਕੇ ਉਪ ਰਾਜਪਾਲ ਨੂੰ ਦਿਤੀਆਂ ਅਥਾਹ ਸ਼ਕਤੀਆਂ ਦੀ ਨਿਖੇਦੀ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਵਿਧਾਨਸਭਾ ਚੋਣਾਂ ਕਰਵਾਉਣ ਤੋਂ ਪਹਿਲਾਂ ਦਿੱਲੀ ਦੀ ਤਰਜ਼ ਤੇ ਸਾਰੇ ਪ੍ਰਸ਼ਾਸਨਿਕ ਅਧਿਕਾਰ ਵਿਧਾਨ ਸਭਾ ਤੋਂ ਖੋਹ ਲਏ ਗਏ ਹਨ ਜ਼ੋ ਜੰਮੂ ਕਸ਼ਮੀਰ ਦੀ ਜਨਤਾ ਨਾਲ ਦੂਸਰੇ ਪੱਧਰ ਦੇ ਵਸਨੀਕਾਂ ਵਾਲਾਂ ਵਿਵਹਾਰ ਹੈ। ਪੰਜਾਬ ਦੀ ਸਰਕਾਰ ਬਾਰੇ ਵਿਚਾਰਦਿਆਂ ਲਿਬਰੇਸ਼ਨ ਨੇ ਕਿਹਾ ਕਿ ਮਾਨ ਸਰਕਾਰ ਦੇ ਮੰਤਰੀ ਮੰਡਲ ਅਤੇ ਐਮ ‌ਐਲ ਏਜ ਦੀ ਬਹੁਗਿਣਤੀ ਭਿਰਸ਼ਟਾਚਾਰ ਵਿਚ ਗਲਤਾਨ ਹੈ ਜਿਸ ਕਾਰਨ ਪੰਜਾਬ ਦਾ ਪ੍ਰਸ਼ਾਸਨ ਭਿਰਸ਼ਟਾਚਾਰ ਅਤੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਜਾਲ ਵਿਚ ਫ਼ਸੇ ਪਏ ਹਨ ਅਤੇ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਬਦਤਰ ਹੋ ਰਹੀ ਹੈ। ਲਿਬਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਪੂਰੇ ਅਗਸਤ ਮਹੀਨੇ ਵਿੱਚ ਜਨਤਾ ਦੇ ਮੁਢਲੇ ਸਵਾਲਾਂ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਰਾਜਨੀਤਕ ਕਾਨਫਰੰਸਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਕਾਨਫਰੰਸਾਂ ਵਿਚ ਲਿਬਰੇਸ਼ਨ ਦਾ ਰਾਜਨੀਤਕ ਏਜੰਡਾ ਰਖਿਆ ਜਾਵੇਗਾ ਕਿ ਜੇਕਰ ਜਨਤਾ ਲਿਬਰੇਸ਼ਨ ਨੂੰ ਰਾਜਸੀ ਤਾਕਤ ਸੌਂਪਦੀ ਹੈ ਤਾਂ ਅਸੀਂ ਜਨਤਾ ਦੀਆਂ ਮੁਢਲੀਆਂ ਲੋੜਾਂ ਰੋਟੀ ਕੱਪੜਾ ਮਕਾਨ, ਸੇਹਤ ਅਤੇ ਸਿਖਿਆ ਸਹੂਲਤਾ ਨੂੰ ਲਾਜ਼ਮੀ ਪੂਰਾ ਕਰਾਂਗੇ,ਹਰ ਬਾਲਗ ਔਰਤ ਅਤੇ ਮਰਦ ਲਈ ਰੋਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਨੂੰ ਯਕੀਨੀ ਬਣਾਇਆ ਜਾਵੇਗਾ। ਸਾਫ਼ ਪਾਣੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਸਿਰਜਿਆ ਜਾਵੇਗਾ, ਪੰਜਾਬ ਦੇ ਰਾਜਨੀਤਕ,ਹਰ ਤਰ੍ਹਾਂ ਦੇ ਪਾਣੀਆਂ ਅਤੇ ਸੰਘੀ ਢਾਂਚੇ ਨਾਲ ਸਬੰਧਤ ਮੁਦਿਆਂ ਨੂੰ ਉਭਾਰਿਆ ਜਾਵੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇਨਚਾਰਜ ਪਰਸ਼ੋਤਮ ਸ਼ਰਮਾ ਤੋਂ ਇਲਾਵਾ ਉਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਸੁਦਰਸ਼ਨ ਨੱਤ, ਜਸਬੀਰ ਨੱਤ, ਰਾਜਵਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਰੂੜੇਕੇ, ਗੋਬਿੰਦ ਛਾਜਲੀ, ਬਲਵਿੰਦਰ ਕੌਰ, ਸੁਰਿੰਦਰ ਸ਼ਰਮਾਂ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਬੀਰ ਸਿੰਘ ਝਾਮਕਾ,ਨਸਤੱਰ ਖੀਵਾ, ਗੁਰਮੀਤ ਨੰਦਗੜ੍ਹ ਅਤੇ ਹਰਮਨ ਹਿੰਮਤਪੁਰਾ ਸ਼ਾਮਲ ਸਨ।

Leave a Reply

Your email address will not be published. Required fields are marked *