ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੀਟਿੰਗ ਤੋਂ ਮੁਕਰਨ ਖਿਲਾਫ ਮੁੱਖ ਮੰਤਰੀ ਦਾ ਪੁਤਲਾ ਫੂਕਿਆ|

ਮਾਲਵਾ

30 ਅਗਸਤ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ-ਆਗੂ

ਮਾਨਸਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਅੱਜ ਅੱਜ ਮਾਨਸਾ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 27 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਦਿੱਤੀ ਮੀਟਿੰਗ ਤੋਂ ਮੁਕਰਨ ਖਿਲਾਫ ਅੱਜ ਸਥਾਨਕ ਕਚਹਿਰੀਆਂ ਕੋਲ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ|

ਇਸ ਰੋਹ ਭਰੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਸਿੰਘ, ਹਰਪ੍ਰੀਤ ਬਿੱਟੂ,ਜਸਵੰਤ ਮੌਜੋ,ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ, ਬਿੱਕਰ ਸਿੰਘ ਮਾਖਾ,ਦਰਸ਼ਨ ਅਲੀਸ਼ੇਰ,ਗੁਰਜੀਤ ਸਿੰਘ ਲਾਲਿਆਵਾਲੀ ਨੇ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਨੇ 27 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਪਰ ਕੱਲ ਮੀਟਿੰਗ ਦੇ ਹੋਣ ਦੇ ਸਮੇਂ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੀਟਿੰਗ ਤੋਂ ਮਨ੍ਹਾ ਕਰ ਦਿੱਤਾ ਕਿ ਹੜਤਾਲ ਅਤੇ ਮੀਟਿੰਗ ਨਾਲ-ਨਾਲ ਨਹੀਂ ਚੱਲ ਸਕਦੀਆਂ|ਜਿਸ ਤੋਂ ਗੁੱਸੇ ਵਿੱਚ ਆਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਾਂਝੀ ਤਾਲਮੇਲ ਕਮੇਟੀ ਵੱਲੋ 28 ਅਗਸਤ ਨੂੰ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਮੁੱਖ ਮੰਤਰੀ ਦੀ ਅਰਥੀ ਸਾੜਨ ਦਾ ਪ੍ਰੋਗਰਾਮ ਦਿੱਤਾ ਸੀ|

ਮੁਲਾਜ਼ਮ ਆਗੂਆਂ ਰਾਜ ਕੁਮਾਰ ਰੰਗਾ,ਪਰਮਿੰਦਰ ਮਾਨਸਾ,ਹਰਜਿੰਦਰ ਅਨੂਪਗੜ,ਕੇਵਲ ਸਿੰਘ,ਸੰਦੀਪ ਵਾਲੀਆਂ, ਆਤਮਾ ਸਿੰਘ ਪਮਾਰ,ਰਾਮ ਸਿੰਘ ਖੋਖਰ, ਲੱਖਣ ਲਾਲ ਮੌੜ,ਬਾਬੂ ਸਿੰਘ,ਸੰਦੀਪ ਢੰਡ,ਰਾਜਵਿੰਦਰ ਬੈਹਣੀਵਾਲ,ਮਨਮੋਹਨ ਸਿੰਘ,ਨਵੀਨ ਬੋਹਾ ਅਤੇ ਕੁਲਵਿੰਦਰ ਉੱਡਤ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ 18% ਡੀ.ਏ. ਜਾਰੀ ਕਰਨ, ਪੰਜਾਬ ਦਾ ਪੁਰਾਣਾ ਤਨਖਾਹ ਸਕੇਲ ਬਹਾਲ ਕਰਨ, 37 ਭੱਤੇ ਬਹਾਲ ਕਰਨ, ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਏ.ਸੀ.ਪੀ. ਸਕੀਮ ਲਾਗੂ ਕਰਨ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਲਾਗੂ ਨਹੀਂ ਕੀਤੀਆਂ ਜਾਣਗੀਆਂ ਤਾਂ ਹੜਤਾਲਾਂ ਅਤੇ ਧਰਨੇ ਤਾਂ ਚਲਦੇ ਹੀ ਰਹਿਣਗੇ।

ਹਰਪਾਲ ਮੂਲਵਾਲੀਆ,ਇਕਬਾਲ ਸਿੰਘ ਰਾਮਾਨੰਦੀ,ਧੰਨਾ ਮੱਲ ਗੋਇਲ, ਧਰਮਜੀਤ ਸਿੰਘ, ਸੰਜੀਵ ਕੁਮਾਰ,ਜਸਵੀਰ ਖਾਲਸਾ,ਅਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ ਇੱਕ ਪੱਤਰ ਜਾਰੀ ਕਰਕੇ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ|ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ|ਉਹ ਆਪਣੀਆਂ ਮੰਗਾਂ ਲਾਗੂ ਹੋਣ ਤੱਕ ਕਿਸੇ ਕੀਮਤ ‘ਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ|

ਮੁਲਾਜ਼ਮ ਆਗੂਆਂ ਸ਼ਿੰਦਰਪਾਲ ਸਿੰਘ,ਮੇਜਰ ਸਿੰਘ ਦੂਲੋਵਾਲ,ਅਜੈਬ ਅਲੀਸ਼ੇਰ, ਬਿੱਕਰ ਮਘਾਣੀਆਂ, ਰਾਜਵਿੰਦਰ ਪੈਰੋਂ,ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ । ਉਨ੍ਹਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਪਾਜ਼ ਉਧੇੜਨ।

ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਹੰਕਾਰ ਤੋੜਨ ਲਈ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਸਾਂਝੀ ਤਾਲਮੇਲ ਕਮੇਟੀ ਵੱਲੋਂ 30 ਅਗਸਤ ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਸੱਦ ਲਈ ਹੈ|ਜਿਸ ਵਿੱਚ ਅਗਲੇ ਸਖ਼ਤ ਐਕਸ਼ਨ ਦਿੱਤੇ ਜਾਣਗੇ |

ਆਗੂਆਂ ਨੇ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿੱਚ ਮੁਲਾਜ਼ਮਾਂ ਦਾ ਸਾਥ ਦੇਣ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ |
ਇਸ ਮੌਕੇ ਹਰਵਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ,ਕਮਲਦੀਪ ਸਿੰਘ, ਕਰਨਪਾਲ ਸਿੰਘ ਕੁਲਦੀਪ ਅੱਕਾਵਾਲੀ,ਗੁਰਦੀਪ ਬਰਨਾਲਾ, ਕੁਲਵਿੰਦਰ ਸਿੰਘ, ਸੁਰਿੰਦਰ ਬੋਬੀ ਆਗੂ ਵੀ ਹਾਜ਼ਰ ਸਨ

Leave a Reply

Your email address will not be published. Required fields are marked *