20 ਸਤੰਬਰ ਦੀ ਜਲੰਧਰ ਰੈਲੀ ਲਈ ਮਾਨਸਾ ਤੋਂ 2500 ਮਜ਼ਦੂਰਾਂ-ਕਿਸਾਨਾਂ ਦਾ ਕਾਫ਼ਲਾ ਹੋਵੇਗਾ ਰਵਾਨਾ- ਗੁਰਨਾਮ ਭੀਖੀ

ਮਾਲਵਾ

20 ਸਤੰਬਰ ਦੀ ਜਲੰਧਰ ਮਜ਼ਦੂਰ-ਕਿਸਾਨ ਰੈਲੀ ਲਈ ਮਾਨਸਾ ਵਿੱਚ ਤਿਆਰੀਆਂ ਤੇਜ਼, ਮੋਦੀ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਵੱਡੀ ਲਾਮਬੰਦੀ ਦਾ ਸੱਦਾ

ਮਾਨਸਾ, ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)– ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਪੰਜਾਬ ਕਿਸਾਨ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਗੁਰਨਾਮ ਭੀਖੀ, ਗੁਰਮੀਤ ਨੰਦਗੜ੍ਹ, ਗੁਰਜੰਟ ਸਿੰਘ ਮਾਨਸਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਜਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਖ਼ਿਲਾਫ਼ 20 ਸਤੰਬਰ ਨੂੰ ਜਲੰਧਰ ਵਿਖੇ ਇੱਕ ਬਿਸ਼ਾਲ “ਮਜ਼ਦੂਰ ਕਿਸਾਨ ਰੈਲੀ” ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਮਾਨਸਾ ਜ਼ਿਲ੍ਹੇ ਤੋਂ 2500 ਮਜ਼ਦੂਰਾਂ ਅਤੇ ਕਿਸਾਨਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਵੇਗਾ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਕਿਸਾਨ ਅਤੇ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਨੌਜਵਾਨਾਂ ਵਿੱਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਪਿੰਡਾਂ ਵਿੱਚ ਨਸ਼ਿਆਂ ਦੇ ਕਾਰਨ ਆਏ ਦਿਨ ਕੀਮਤੀ ਜਾਨਾਂ ਜਾ ਰਹੀਆਂ ਹਨ। ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਮੋਦੀ ਸਰਕਾਰ ਮਨਰੇਗਾ ਵਰਗੇ ਰੁਜ਼ਗਾਰ ਗਾਰੰਟੀ ਕਾਨੂੰਨ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਅਤੇ ਅਸਮਾਨ ਟੈਰਿਫ ਨੀਤੀਆਂ ਭਾਰਤੀ ਖੇਤੀਬਾੜੀ ਅਤੇ ਕਿਸਾਨਾਂ ਦੇ ਹਿੱਤਾਂ ‘ਤੇ ਸਿੱਧਾ ਡਾਕਾ ਹਨ। ਅੱਜ ਦੇਸ਼ ਦਾ ਲੋਕਤੰਤਰ, ਸੰਵਿਧਾਨ, ਆਜ਼ਾਦੀ ਅਤੇ ਵਾਤਾਵਰਣ ਗੰਭੀਰ ਖ਼ਤਰੇ ਵਿੱਚ ਹਨ।
ਇਸ ਮੌਕੇ ਆਗੂਆਂ ਨੇ “ਜ਼ਮੀਨ, ਖੇਤੀਬਾੜੀ ਅਤੇ ਕਿਸਾਨ ਬਚਾਓ – ਕਾਰਪੋਰੇਟ ਲੁੱਟ ਅਤੇ ਕਾਰਪੋਰੇਟ ਰਾਜ ਖਤਮ ਕਰੋ” ਦਾ ਨਾਅਰਾ ਦਿੰਦਿਆਂ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 20 ਸਤੰਬਰ ਦੀ ਜਲੰਧਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਸ਼ਰਮਾ, ਗੁਰਸੇਵਕ ਮਾਨ, ਕਰਨੈਲ ਮਾਨਸਾ, ਪੰਜਾਬ ਸਿੰਘ ਅਕਲੀਆਂ, ਰਣਜੀਤ ਤਾਮਕੋਟ, ਜੀਤ ਬੋਹਾ, ਹਰਵਿੰਦਰ ਚੋਟੀਆਂ, ਸੁਖਚਰਨ ਦਾਨੇਵਾਲੀਆ, ਅਜੈਬ ਸਿੰਘ ਭੈਣੀਬਾਘਾ, ਜਗਤਾਰ ਸਿੰਘ ਸਹਾਰਨਾ ਅਤੇ ਦਰਸ਼ਨ ਮਘਾਣੀਆ ਮੱਖਣ ਸਿੰਘ ਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *