ਭਾਜਪਾ ਨੂੰ ਸੱਤਾ ਤੋਂ ਦੂਰ ਕਰਨ ਦਾ ਆ ਗਿਆ ਸਮਾਂ-ਨਛੱਤਰ ਰਾਮਨਗਰ

ਮਾਲਵਾ

ਰਾਮਪੁਰਾ – ਚਾਉਕੇ,‌‌ਗੁਰਦਾਸਪੁਰ, 28 ਮਈ ( ਸਰਬਜੀਤ ਸਿੰਘ)— ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਰਾਮਪੁਰਾ ਬਲਾਕ ਦੇ ਪਿੰਡ ਕਰਿਆੜਵਾਲਾ ਅਤੇ ਬੁਰਜ ਮਾਨਸਈਆ ਵਿਖੇ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।

ਮੀਟਿੰਗਾਂ ਨੂੰ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਪਟੰਤਰ ਸਾਲ ਲੰਘ ਜਾਣ ਤੋਂ ਬਾਅਦ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਮਜ਼ਦੂਰ ਜਮਾਤ ਦੀ ਹਾਲਤ ਲਗਾਤਾਰ ਬਦ ਤੋਂ ਬਦਤਰ ਹੋ ਗਈ ਹੈ। ਹਰ ਖੇਤਰ ਵਿੱਚ ਮਸ਼ੀਨ ਤੇ ਤਕਨੀਕ ਦੀ ਬੇਲੋੜੀ ਵਰਤੋਂ ਦੇ ਕਾਰਣ ਮਜ਼ਦੂਰਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ ਅਤੇ ਉਹ ਸਾਰਾ ਸਾਲ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਸਰਮਾਏਦਾਰ ਪਾਰਟੀਆਂ ਹਰ ਪੰਜ ਸਾਲ ਬਾਅਦ ਗ਼ਰੀਬਾਂ ਤੋਂ ਝੂਠੇ ਲਾਰੇ ਅਤੇ ਝੂਠੇ ਜੁਮਲੇ ਦਿਖਾਕੇ ਵੋਟਾਂ ਹਾਸਲ ਕਰਦੀਆਂ ਰਹੀਆਂ ਹਨ ਪਰ ਮਜ਼ਦੂਰਾਂ ਦੇ ਰੁਜ਼ਗਾਰ ਦੀ ਕਦੇ ਗੱਲ ਨਹੀਂ ਕਰਦੀਆਂ। ਆਗੂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਰਕਾਰੀ ਬੈਂਕਾਂ ਤੋਂ ਕੋਈ ਕਰਜ਼ਾ ਨਹੀਂ ਮਿਲਦਾ। ਜਿਸ ਕਰਕੇ ਮਜ਼ਦੂਰ ਔਰਤਾਂ ਨੂੰ ਪ੍ਰਾਈਵੇਟ ਮਾਇਕਰੋ ਫਾਈਨਾਂਸ ਕੰਪਨੀਆਂ ਤੋਂ ਮਹਿੰਗੇ ਵਿਆਜ਼ ਵਿੱਚ ਕਰਜ਼ਾ ਲੈਣਾ ਪੈ ਰਿਹਾ ਹੈ। ਆਗੂ ਨੇ ਇਹ ਵੀ ਕਿਹਾ ਕਿ ਮਜ਼ਦੂਰ ਔਰਤਾਂ ਨੂੰ ਕਰਜ਼ੇ ਮੋੜਨ ਬਦਲੇ ਆਪਣੇ ਘਰਾਂ ਦਾ ਸਮਾਨ ਵੇਚਣਾ ਪੈ ਰਿਹਾ ਹੈ ਪਰ ਅੱਜ ਤੱਕ ਕਿਸੇ ਵੀ ਸੱਤਾ ਧਾਰੀ ਸਿਆਸੀ ਪਾਰਟੀ ਨੇ ਮਜ਼ਦੂਰਾਂ ਦੀ ਸਾਰ ਨਹੀਂ ਲਈ। ਆਗੂ ਨੇ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾ ਵਿੱਚ ਕੇਂਦਰ ਦੀ ਫਾਸ਼ੀਵਾਦੀ ਅਤੇ ਮਹਾਂ ਭ੍ਰਿਸ਼ਟ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ, ਜੋ ਭਾਰਤ ਦੇ ਸੰਘੀ ਢਾਂਚੇ ਨੂੰ ਅਤੇ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਆਗੂ ਨੇ ਮਜ਼ਦੂਰ ਜਮਾਤ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਆਪ ਪਾਰਟੀ ਨੂੰ ਵੀ ਵੋਟ ਨਾ ਪਾਈ ਜਾਵੇ, ਜਿਸਨੇ ਅੱਜ ਤੱਕ ਮਜ਼ਦੂਰਾਂ ਦੀ ਸਾਰ ਨਹੀਂ ਲਈ ਅਤੇ ਝੂਠੇ ਵਾਅਦੇ ਕਰਕੇ ਮੁੱਕਰ ਗਈ ਹੈ। ਅੱਜ ਦੀਆਂ ਵੱਖ ਵੱਖ ਮੀਟਿੰਗਾਂ ਨੂੰ ਕਰਮਜੀਤ ਕੌਰ ਕਰਾੜਵਾਲਾ, ਰੂਪ ਸਿੰਘ ਬੁਰਜ ਮਾਨਸਈਆ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *