ਦੁਕਾਨ ਦੀ ਪਿਛਲੀ ਕੰਧ ਪਾੜ ਕੇ ਲੱਖਾਂ ਦੇ ਮੋਬਾਇਲ ਫੋਨਾਂ ਅਤੇ ਨਕਦੀ ਤੇ ਕੀਤਾ ਹੱਥ ਸਾਫ , ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਹੁਣ ਚੋਰਾ ਵੱਲੋਂ ਸ਼ਹਿਰ ਦੇ ਮੋਬਾਇਲ ਫੋਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਹਫਤੇ ਦੇ ਵਕਫੇ ਵਿੱਚ ਚੋਰਾ ਵੱਲੋਂ ਦੂਜੀ ਮੋਬਾਈਲ ਫੋਨ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜੀ ਟੀ ਰੋਡ ਮੰਡੀ ਗੁਰਦਾਸਪੁਰ ਵਿਖੇ ਮਹਾਜਨ ਇਲੈਕਟਰੋਨਿਕ ਸ਼ਾਪ ਨਾਮਕ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰ ਦੁਕਾਨ ਦੇ ਅੰਦਰ ਵੜ ਗਏ ਅਤੇ ਲੱਖਾਂ ਦੇ ਮੋਬਾਈਲ ਫੋਨ ਅਤੇ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਇੱਕ ਨਕਾਬਧਾਰੀ ਚੋਰ ਜਿਸ ਨੇ ਹੱਥਾਂ ਤੇ ਵੀ ਦਸਤਾਨੇ ਪਾਏ ਹੋਏ ਹਨ ਦੁਕਾਨ ਵਿੱਚ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਡੋਗ ਸਕਵੈਡ ਅਤੇ ਫਿੰਗਰ ਪ੍ਰਿੰਟ ਐਕਸਪਰਟ ਦੇ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੰਗਲਵਾਰ ਦੀ ਸਵੇਰ ਤੜਕਸਾਰ ਪੰਜ ਵਜੇ ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਰੋਹਿਤ ਟੈਲੀਕਾਮ ਨਾਮਕ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਕਰੀਬ 30 ਲੱਖ ਰੁਪਏ ਦੇ ਮੋਬਾਇਲ ਫੋਨ ਚੋਰੀ ਕਰ ਲਏ ਗਏ ਸਨ। ਅਗਲੇ ਦਿਨ ਹੀ ਡਾਕਖਾਨੇ ਵਾਲੀ ਗਲੀ ਦੇ ਇੱਕ ਘਰ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਦੀਆ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਣ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੰਦੀਪ ਮਹਾਜਨ ਨੇ ਦੱਸਿਆ ਕਿ ਚੋਰਾਂ ਵੱਲੋਂ ਖਾਲੀ ਪਲਾਟ ਦੇ ਨਾਲ ਲੱਗਦੀ ਉਸਦੀ ਦੁਕਾਨ ਦੀ ਦੀਵਾਰ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੀਸੀਟੀਵੀ ਵਿੱਚ ਇੱਕ ਨਕਾਬਧਾਰੀ ਚੋਰ ਦੁਕਾਨ ਦੇ ਅੰਦਰ ਚੋਰੀ ਕਰਦਾ ਕੈਦ ਹੋਇਆ ਹੈ ਜਦਕਿ ਉਸ ਦਾ ਇੱਕ ਸਾਥੀ ਦੁਕਾਨ ਦੇ ਬਾਹਰ ਖੜਾ ਸੀ। ਉਸ ਨੇ ਦੱਸਿਆ ਕਿ ਸੀਸੀਟੀਵੀ ਅਨੁਸਾਰ ਚੋਰੀ ਦੀ ਘਟਨਾ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਵਾਪਰੀ ਹੈ। ਚੋਰਾਂ ਵੱਲੋਂ ਉਸ ਦੀ ਦੁਕਾਨ ਤੋਂ 40 ਹਜਾਰ ਨਕਦ ਅਤੇ ਲਗਭਗ ਢਾਈ ਲੱਖ ਰੁਪਏ ਦੇ ਮੋਬਾਇਲ ਫੋਨ ਚੋਰੀ ਕੀਤੇ ਗਏ ਹਨ। ਉਸਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ।
ਦੂਜੇ ਪਾਸੇ ਮੋਬਾਇਲ ਐਸੋਸੀਏਸ਼ਨ ਦੇ ਚੇਅਰਮੈਨ ਹਰਵਿੰਦਰ ਸੋਨੀ ਨੇ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਪੁਲਿਸ ਪ੍ਰਸ਼ਾਸਨ ਦੀ ਨਕਾਮੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਚੋਰ ਇਨੇ ਸ਼ਾਤਰ ਅਤੇ ਨਿਡਰ ਹਨ ਕਿ ਸਵੇਰੇ ਤੜਕਸਾਰ ਜਦੋਂ ਦਿਨ ਵੀ ਚੜ ਜਾਂਦਾ ਹੈ ਅਤ ਲੋਕ ਵੀ ਸੜਕਾਂ ਤੇ ਆਉਣੇ ਜਾਣੇ ਸ਼ੁਰੂ ਹੋ ਜਾਂਦੇ ਹਨ , ਅਜਿਹੇ ਸਮੇਂ ਵਿੱਚ ਵੀ ਬੇਖੌਫ ਹੋ ਕੇ ਚੋਰੀ ਕਰਦੇ ਹਨ ਪਰ ਪੁਲਿਸ ਫਿਰ ਵੀ ਮੁਸਤੈਦ ਨਹੀਂ ਹੋਈ। ਰੋਹਿਤ ਟੈਲੀਕਮ ਦੀ ਦੁਕਾਨ ਤੇ ਵੀ ਸਵੇਰੇ ਪੰਜ ਵਜੇ ਦੇ ਕਰੀਬ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਉਹਨਾਂ ਕਿਹਾ ਕਿ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕਰ ਚੁੱਕੇ ਹਨ ਕਿ ਸ਼ਹਿਰ ਵਿੱਚ ਲਗਾਤਾਰ ਅਪਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਹ ਲੋਕ ਮਹਿੰਗੀਆਂ ਕਿਰਾਏ ਦੀਆਂ ਦੁਕਾਨਾਂ ਲੈ ਕੇ ਵਪਾਰ ਕਰ ਰਹੇ ਹਨ ਜਦਕਿ ਗੁਰਦਾਸਪੁਰ ਸ਼ਹਿਰ ਵਿੱਚ ਇਨਾ ਜਿਆਦਾ ਵਪਾਰ ਨਹੀਂ ਹੈ। ਇਸ ਲਈ ਇਹਨਾਂ ਦੀ ਪੂਰੀ ਸ਼ਨਾਖਤ ਹੋਣੀ ਚਾਹੀਦੀ ਹੈ । ਸਰਹੱਦੀ ਖੇਤਰ ਹੋਣ ਕਾਰਨ ਇਹ ਮਸਲਾ ਬੇਹਦ ਗੰਭੀਰ ਹੋ ਸਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਹੋਈਆਂ ਚੋਰੀਆਂ ਦੀ ਜਲਦੀ ਤੋਂ ਜਲਦੀ ਪੜਤਾਲ ਹੋਣੀ ਚਾਹੀਦੀ ਹੈ।


