ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਥਾਪਤ ਕੀਤੇ ਗਏ ਕਾਊਂਟਿੰਗ ਸੈਂਟਰ ਦਾ ਦੌਰਾ

ਗੁਰਦਾਸਪੁਰ

ਕਾਊਂਟਿੰਗ ਸੈਂਟਰਾਂ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ

ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਵੱਲੋਂ ਬੀਤੀ ਸ਼ਾਮ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਪਿਤ ਕੀਤੇ ਗਏ ਕਾਊਂਟਿੰਗ ਸੈਂਟਰ ਦਾ ਦੌਰਾ ਕੀਤਾ ਗਿਆ।  ਇਸ ਮੌਕੇ ਉਨ੍ਹਾਂ ਨੇ ਕਾਊਂਟਿੰਗ ਸੈਂਟਰਾਂ ਦੀਆਂ ਤਿਆਰੀਆਂ ਅਤੇ ਈ.ਵੀ.ਐੱਮ. ਦੇ ਸਟਰਾਂਗ ਰੂਮ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕਾ ਸੀਟ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ ਕੀਤੀ ਜਾਵੇਗੀ ਅਤੇ ਇਸ ਸੰਸਥਾ ਵਿੱਚ ਹਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਗਿਣਤੀ ਕੇਂਦਰ ਸਥਾਪਤ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਸੰਸਥਾ ਦੇ ਵੱਖ-ਵੱਖ ਬਲਾਕਾਂ ਨੂੰ ਵੱਖ-ਵੱਖ ਹਲਕਿਆਂ ਦੀ ਚੋਣ ਗਿਣਤੀ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਇੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਅੱਜ ਦੇ ਦੌਰੇ ਦੌਰਾਨ ਸੁਰੱਖਿਆ ਦੇ ਪੱਖ ਤੋਂ ਵੀ ਜਾਇਜ਼ਾ ਲਿਆ ਗਿਆ ਹੈ।

ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਦੀ ਗਿਣਤੀ ਲਈ ਬਣਾਏ ਕਾਊਂਟਿੰਗ ਸੈਂਟਰ ਵਿੱਚ ਟੇਬਲ ਲਗਾਏ ਜਾਣਗੇ ਜਿੱਥੇ ਕਾਊਂਟਿੰਗ ਸਟਾਫ਼ ਵੱਲੋਂ ਕਾਊਂਟਿੰਗ ਏਜੰਟਾਂ ਦੀ ਹਾਜ਼ਰੀ ਵਿੱਚ ਪੋਸਟਲ ਬੈਲਟ ਪੇਪਰ ਅਤੇ ਈ.ਵੀ.ਐੱਮ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰਾਂ, ਕਾਊਂਟਿੰਗ ਏਜੰਟਾਂ ਅਤੇ ਕਾਊਂਟਿੰਗ ਸਟਾਫ਼ ਲਈ ਵਿਸ਼ੇਸ਼ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਾਊਂਟਿੰਗ ਸੈਂਟਰ ਵਿੱਚ ਬਣਨ ਵਾਲੇ ਮੀਡੀਆ ਸੈਂਟਰ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਸਮਾਂ ਰਹਿੰਦੇ ਕਾਊਂਟਿੰਗ ਸੈਂਟਰ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।

Leave a Reply

Your email address will not be published. Required fields are marked *