ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾ ਤੇ ਚਲਾਈ ਗਈ ਨਸ਼ੇ ਖਿਲਾਫ ਮੁਹਿੰਮ ਤਹਿਤ ਆਬਕਾਰੀ ਵਿਭਾਗ ਨੇ ਪੁਲਸ ਦੀ ਮਦਦ ਨਾਲ ਦੋ ਕਾਰ ਸਵਾਰਾਂ ਨੂੰ 35 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਸ਼ਰਾਬ ਦੀਆਂ ਬੋਤਲਾਂ ’ਤੇ ਨਕਲੀ ਲੋਗੋ ਲਗਾ ਦਿੱਤੇ ਸਨ। ਪੁਲਸ ਨੇ ਇਸ ਮਾਮਲੇ ਵਿੱਚ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ, ਅਨਿਲ ਕੁਮਾਰ, ਥਾਣਾ ਪੁਰਾਣਾਸ਼ਾਲਾ ਦੇ ਐੱਸਐੱਚਓ ਹਰਪਾਲ ਸਿੰਘ, ਸਹਾਇਕ ਸਬ ਇੰਸਪੈਕਟਰ ਜੈ ਸਿੰਘ ਨੇ ਸੂਚਨਾ ਦੇ ਆਧਾਰ ‘ਤੇ ਦਾਊਵਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਮੁਲਜ਼ਮਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਾਜ਼ਮਾਂ ਨੇ ਕਾਰ ਸਵਾਰਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਦੌਰਾਨ ਪੰਜਾਬ ਕਲੱਬ ਵਿਸਕੀ ਦੀਆਂ 35 ਪੇਟੀਆਂ ਬਰਾਮਦ ਹੋਈਆਂ। ਆਬਕਾਰੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਚੈਕਿੰਗ ਕੀਤੀ ਅਤੇ ਦੱਸਿਆ ਕਿ ਬੋਤਲਾਂ ਵਿੱਚੋਂ ਟਰੈਕ ਅਤੇ ਟਰੇਸ ਹੋਲੋਗ੍ਰਾਮ ਹਟਾ ਦਿੱਤੇ ਗਏ ਹਨ। ਹਰ ਬੋਤਲ ‘ਤੇ ਨਕਲੀ ਲੋਗੋ ਲਗਾਏ ਗਏ ਸਨ। ਪੁਲੀਸ ਨੇ ਕਾਰ ਸਵਾਰ ਮੁਲਜ਼ਮਾਂ ਸ਼ਮਸ਼ੇਰ ਸਿੰਘ ਵਾਸੀ ਵਾਹਲਾ ਅਤੇ ਸੁਖਦੇਵ ਸਿੰਘ ਵਾਸੀ ਇਸਲਾਮਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸ਼ਰਾਬ ਉਨ੍ਹਾਂ ਨੂੰ ਮਨਜੀਤ ਸਿੰਘ ਵਾਸੀ ਉੜਮੁੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ, ਬਲਵਿੰਦਰ ਸਿੰਘ ਵਾਸੀ ਟਾਂਡਾ, ਕੁਲਦੀਪ ਸਿੰਘ ਵਾਸੀ ਟਾਂਡਾ ਅਤੇ ਅਜੀਤਪਾਲ ਵਾਸੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵੇਚਣ ਲਈ ਦਿੱਤੀ ਗਈ ਸੀ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਫੜੇ ਗਏ ਮੁਲਜਮਾ ਨਾਲ ਸਹਾਇਕ ਸਬ ਇੰਸਪੈਕਟਰ ਜੈ ਸਿੰਘ ਤੇ ਹੋਰ ਕਰਮਚਾਰੀ।