ਮਾਨ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੁਰੀ ਸੁਹਿਰਦਤਾ ਨਾਲ ਕੰਮ ਕਰ ਰਹੀ – ਸੇਖਵਾਂ
ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਿਸ਼ਨ ਰੋਜ਼ਗਾਰ ਤਹਿਤ ਪਿਛਲੇ 35 ਮਹੀਨਿਆਂ ਵਿੱਚ 50,892 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸੂਬੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿਸੇ ਵੀ ਸਰਕਾਰ ਨੇ ਸੱਤਾ ਵਿੱਚ ਆਉਣ ਦੇ 35 ਮਹੀਨਿਆਂ ਵਿੱਚ ਨੌਜਵਾਨਾਂ ਨੂੰ ਏਨੀ ਵੱਡੀ ਗਿਣਤੀ ਵਿੱਚ ਨੌਂਕਰੀਆਂ ਦਿੱਤੀਆਂ ਹੋਣ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਲਗਪਗ ਤਿੰਨ ਸਾਲਾਂ ਵਿੱਚ 50,892 ਪਰਿਵਾਰਾਂ ਦੇ ਜੀਵਨ ਨੂੰ ਰੌਸਨ ਕਰ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਭ੍ਰਿਸਟਾਚਾਰ ਜਾਂ ਭਾਈ-ਭਤੀਜਾਵਾਦ ਦੇ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੌਕਰੀਆਂ ਬਾਰੇ ਸਿਰਫ ਇਸ ਲਈ ਰੌਲਾ ਪਾਉਂਦੀਆਂ ਹਨ ਕਿਉਂਕਿ ਉਹ ਕਾਣੀ ਵੰਡ ਦੀਆਂ ਆਦੀ ਸਨ ਅਤੇ ਉਨ੍ਹਾਂ ਦੀ ਨਜ਼ਰ ਇਨ੍ਹਾਂ ਯੋਗ ਨੌਜਵਾਨਾਂ ਉਤੇ ਕਦੇ ਨਹੀਂ ਪਈ। ਸ. ਸੇਖਵਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਿਹੜੀਆਂ ਟਾਵੀਆਂ-ਟਾਵੀਆਂ ਨੌਕਰੀਆਂ ਦਿੱਤੀਆਂ ਗਈਆਂ, ਉਹ ਸਿਰਫ ਨਜਦੀਕੀਆਂ ਜਾਂ ਨਜਦੀਕੀ ਰਿਸਤੇਦਾਰਾਂ ਲਈ ਰਾਖਵੀਆਂ ਸਨ, ਜਦੋਂ ਕਿ ਆਮ ਆਦਮੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਸੀ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੈਰਿਟ ਉੱਪਰ ਦਿੱਤੀਆਂ ਜਾ ਰਹੀਆਂ ਨੌਂਕਰੀਆਂ ਕਾਰਨ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਘੱਟ ਹੋਇਆ ਹੈ ਅਤੇ ਨੌਜਵਾਨ ਹੁਣ ਏਥੇ ਹੀ ਪੜ੍ਹਾਈ ਕਰਕੇ ਕੰਮ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਜੋ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਹੈ ਉਸ ਉੱਪਰ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ।