ਗੁਰਦਾਸਪੁਰ 8 ਅਪ੍ਰੈਲ (ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਭਾਰਤ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ਹਿਰ ਵਿੱਚ ਕਾਰਪੋਰੇਟ ਘਰਾਣਿਆ ਪੱਖੀ ਸਰਕਾਰਾਂ ਵਿਰੁੱਧ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ,ਮਜ਼ਦੂਰਾਂ ਅਤੇ ਬੀਬੀਆਂ ਵਲੋਂ ਵਿਸ਼ਾਲ ਪੈਦਲ ਰੋਸ ਮਾਰਚ ਕਰਦੇ ਹੋਏ ਸਥਾਨਕ ਜ਼ਹਾਜ ਚੌਂਕ ਵਿੱਚ ਪਹੁੰਚ ਕੇ ਭਾਜਪਾ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸਭਰਾ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆ ਨੂੰ ਲਾਗੂ ਕਰਵਾਉਣ ਲਈ ਵੱਖ ਵੱਖ ਰਾਜਾਂ ਦੇ ਕਿਸਾਨ 13 ਫਰਵਰੀ ਤੋਂ ਸ਼ੰਭੂ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਦੀਆਂ ਹੱਦਾਂ ‘ਤੇ ਮੋਰਚੇ ਲਗਾਈ ਬੈਠੇ ਹਨ। ਇਸ ਦੌਰਾਨ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਿਆਂ ਹੋਇਆਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਅੱਥਰੂ ਗੈਸ
ਅਤੇ ਉਹਨਾਂ ਕੈਮੀਕਲ ਵਾਲੇ ਉਹਨਾਂ ਹਥਿਆਰਾਂ ਦੀ ਵਰਤੋਂ ਆਪਣੇ ਨਾਗਰਿਕਾਂ ਉੱਪਰ ਕੀਤੀ ਗਈ ਹੈ ਜਿਨਾਂ ਹਥਿਆਰਾਂ ਦੇ ਇਸਤੇਮਾਲ ਦੀ ਇਜਾਜਤ ਕੋਈ ਵੀ ਅੰਤਰ ਰਾਸ਼ਟਰੀ ਕਾਨੂੰਨ ਨਹੀਂ ਦਿੰਦਾ ਅਤੇ ਇੱਕ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ ਦੇ ਸਿੱਧੀ ਸਿਰ ਵਿੱਚ ਗੋਲੀ ਮਾਰ ਕੇ ਨੂੰ ਸ਼ਹੀਦ ਕਰ ਦਿੱਤਾ ਅਤੇ ਹੋਰ ਸੈਂਕੜੇ ਕਿਸਾਨਾਂ ਤੇ ਅਣਗਿਣਤ ਨੌਜਵਾਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਗਿਆ ਜਿਹਨਾਂ ਵਿੱਚੋਂ ਕਈ ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਤਮ ਹੋ ਗਈ ਅਤੇ 10 ਫਰਵਰੀ ਤੋਂ 28 ਮਾਰਚ ਤੱਕ ਹਰਿਆਣਾ ਸਰਕਾਰ ਵੱਲੋ ਸੈਂਕੜੇ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 3 ਕਿਸਾਨ ਆਗੂ ਤੇ ਨੌਜਵਾਨ ਹਾਲੇ ਵੀ ਜੇਲ੍ਹ ਵਿੱਚ ਹਨ, ਜਿਨ੍ਹਾਂ ਵਿੱਚ ਅਨੀਸ਼ ਖਟਕੜ (19 ਮਾਰਚ ਤੋਂ ਜੀਂਦ ਜੇਲ੍ਹ) ਵਿੱਚ ਹਨ ਅਤੇ ਨਵਦੀਪ ਸਿੰਘ ਵਾਟਰ ਕੈਨਨ ਅਤੇ ਗੁਰਕੀਰਤ ਸਿੰਘ (28 ਮਾਰਚ ਤੋਂ ਅੰਬਾਲਾ ਪੁਲਿਸ ਦੀ ਹਿਰਾਸਤ ਵਿੱਚ) ਹਨ, ਜਿਹਨਾਂ ਨੌਜਵਾਨਾਂ ਉੱਤੇ ਪੁਲਿਸ ਹਿਰਾਸਤ ਵਿੱਚ ਉਹ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਜਿਸ ਦੀ ਇਜਾਜ਼ਤ ਕੋਈ ਕਾਨੂੰਨ ਨਹੀਂ ਦਿੰਦਾ ਅਸੀਂ ਉਹਨਾਂ ਗ੍ਰਿਫਤਾਰ ਕੀਤੇ ਕਿਸਾਨਾਂ, ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।
ਕਿਸਾਨ ਆਗੂ ਸਭਰਾ ਅਤੇ ਭੋਜਰਾਜ ਨੇ ਅੱਗੇ ਕਿਹਾ ਕਿ ਸਰਕਾਰ ਬਾਰਡਰਾਂ ਉੱਤੇ ਸੰਘਰਸ਼ ਲੜ ਰਹੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਸਾਰੇ ਬਾਰਡਰਾਂ ਉੱਪਰ ਜਾਣਬੁੱਝ ਕੇ ਬਿਜਲੀ ਸਿਸਟਮ ਵਿਗਾੜਿਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪਾਣੀ,ਪਾਖਾਨੇ ਅਤੇ ਬਿਜਲੀ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਸੰਘਰਸ਼ ਕਰ ਰਹੇ ਲੋਕਾਂ ਨੂੰ ਮੁਹੱਈਆ ਕਰਵਾਉਣੀਆਂ ਸੂਬਾ ਸਰਕਾਰ ਦੀ ਮੁੱਢਲੀ ਮੁੱਖ ਜਿੰਮੇਵਾਰੀ ਹੁੰਦੀ ਹੈ। ਜਿਸ ਨੂੰ ਨਿਭਾਉਣ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੂਰੀ ਤਰਾਂ ਫੇਲ ਹੋਈ ਹੈ। ਕੇਂਦਰ ਅਤੇ ਸੂਬਾ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਈਆਂ ਹਨ। ਕਿਸਾਨ ਆਗੂਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਉੱਤੇ ਤੁਰੰਤ ਅਮਲ ਨਾਂ ਕੀਤਾ ਗਿਆ ਤਾਂ 9 ਅਪ੍ਰੈਲ ਤੋਂ ਸ਼ੰਭੂ ਬੈਰੀਅਰ ਵਿਖੇ ਪੱਕੇ ਤੌਰ ਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸੂਬਾ ਆਗੂ ਮੁਖਤਾਰ ਸਿੰਘ ਉਗਰੇਵਾਲ,ਜਨਰਲ ਸਕੱਤਰ ਮਨਜੀਤ ਸਿੰਘ ਬਾਜਵਾ,ਹਰਜੀਤ ਸਿੰਘ ਹੀਰਾ,ਸੁਬੇਗ ਸਿੰਘ ਠੱਠਾ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂ ਜੋਧ, ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ,ਗੁਰਵਿੰਦਰ ਸਿੰਘ ,ਗੁਰਮੇਜ ਸਿੰਘ,ਪੰਜਾਬ ਯੂਥ ਵਿੰਗ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ,ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ,ਗੁਰਜੀਤ ਸਿੰਘ ਵਡਾਲਾ ਬਾਂਗਰ,ਹਾਜਰ ਸਨ।


