ਬਟਾਲਾ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)–ਬਟਾਲਾ ਦੇ ਫ਼ੈਜ਼ ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਨਵ ਮਿਸਤਰੀ ਮਜਦੂਰ ਯੂਨੀਅਨ (ਏਕਟੂ) ਦੀ ਰੈਲੀ ਜਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਲਾਲੀ, ਬਲਜੀਤ ਸਿੰਘ ਅਰਲੀਭੱਨ ਅਤੇ ਜਿੰਦਾਂ ਛੀਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਜਲੰਧਰ ਤੋਂ ਉਚੇਚੇ ਤੌਰ ਤੇ ਪਹੁੰਚੇ ਟਕਸਾਲੀ ਮਜ਼ਦੂਰ ਆਗੂ ਕਾਮਰੇਡ ਕੇਵਲ ਹਜਾਰਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਉਸਾਰੀ ਵੈਲਫੇਅਰ ਬੋਰਡ ਮੁਹਾਲੀ ਪਾਸ ਕਰੋੜਾਂ ਰੁਪਏ ਦਾ ਫੰਡ ਜਮਾਂ ਪਿਆ ਹੈ ਜੋ ਮਜ਼ਦੂਰਾਂ ਦੀਆਂ ਵੱਖ ਵੱਖ ਸਕੀਮਾਂ ਉਪਰ ਖਰਚਿਆਂ ਜਾਣਾ ਹੈ ਪਰ ਮਜ਼ਦੂਰਾਂ ਦੀਆਂ ਭਲਾਈ ਸਕੀਮਾਂ ਤੇ ਇਹ ਪੈਸਾ ਖਰਚਣ ਦੀ ਬਜਾਏ ਸਾਲਾਂ ਬੱਧੀ ਸਕੀਮਾਂ ਦਾ ਪੈਸਾ ਭੇਜਿਆ ਹੀ ਨਹੀਂ ਜਾਂਦਾ ਜਿਸ ਕਾਰਨ ਮਜ਼ਦੂਰ ਕਿਰਤ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਪ੍ਰੇਸ਼ਾਨ ਹੋ ਜਾਂਦੇ ਹਨ। ਆਗੂਆਂ ਕਿਹਾ ਰਜਿਸਟਡ ਮਜ਼ਦੂਰ ਦਾ ਬੀਮਾ 2ਲੱਖ ਤੋਂ ਵਧਾ ਕੇ 5 ਲੱਖ ਕੀਤਾ ਜਾਵੇ, ਸ਼ਗਨ ਸਕੀਮ ਦੀ ਵਿਆਹ ਰਜਿਸਟਰਡ ਕਰਵਾਉਣ ਦੀ ਸ਼ਰਤ ਹਟਾ ਕੇ ਸਰਪੰਚ ਜਾਂ ਨੰਬਰਦਾਰ ਦੀ ਤਸਦੀਕ ਤੇ ਅਦਾਇਗੀ ਕੀਤੀ ਜਾਵੇ, ਬਚਿਆ ਦੀ ਵਜ਼ੀਫਾ ਸਕੀਮ ਤਹਿਤ ਖਰਚੇ ਅਰਜੀ ਦੇਣ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਵਜ਼ੀਫਾ ਰਾਸ਼ੀ ਜਾਰੀ ਕੀਤੀ ਜਾਵੇ, ਕਿਰਤ ਦਫ਼ਤਰਾਂ ਵਿਚ ਭਿਰਸ਼ਟਾਚਾਰ ਨੂੰ ਦੂਰ ਕਰਨ ਲਈ ਠੇਕੇ ਤੇ ਰੱਖੇ ਮੁਲਾਜ਼ਮ ਪੱਕੇ ਕੀਤੇ ਜਾਣ, ਮਜ਼ਦੂਰ ਸ਼ਕਾਇਤਾ ਨੂੰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੱਲ਼ ਕੀਤਾ ਜਾਵੇ। ਪੈਨਸ਼ਨ ਸਕੀਮ ਵਿਚ ਸਾਲਾਂ ਦੀ ਦੇਰੀ ਕਰਨ ਦੀ ਵੀ ਨਿਖੇਧੀ ਕੀਤੀ ਗਈ। ਇਹ ਵੀ ਫੈਸਲਾ ਲਿਆ ਗਿਆ ਕਿ ਮੰਗਾਂ ਦੀ ਪ੍ਰਾਪਤੀ ਲਈ ਜਲਦੀ ਪੰਜਾਬ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਮੇਂ ਵਿਜੈ ਸੋਹਲ, ਬਲਬੀਰ ਤੁਗਲਵਾਲ, ਲਖਵਿੰਦਰ ਸਿੰਘ ਭਾਗੋਵਾਲ , ਪ੍ਰੇਮ ਸਿੰਘ ਲਾਲੀ, ਬਾਬਾ ਬਲਵੰਤ,ਪੰਪੂ ਗਿਲ ਵਡਾਲਾ ਬਾਂਗਰ, ਲਖਬੀਰ ਸਿੰਘ ਅਤੇ ਪੂਰਨ ਸਿੰਘ ਹਾਜ਼ਰ ਸਨ।



