ਕੈਬਨਿਟ ਮੰਤਰੀ ਧਾਲੀਵਾਲ ਨੂੰ ਹੜ੍ਹ ਪੀੜਤ ਲਈ ਰਾਹਤ ਸਮੱਗਰੀ ਦੇ 2000 ਪੈਕਟ ਭੇਟ ਕੀਤੇ
ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਸੇਵਾ ਦੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਇਸ ਵਾਰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ। ਅਖਿਲ ਭਾਰਤੀਯ ਅਗਰਵਾਲ ਸੰਮੇਲਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਅਗਰਵਾਲ ਦੀ ਅਗਵਾਈ ਵਿੱਚ ਅਗਰਵਾਲ ਸੰਮੇਲਨ ਵੱਲੋਂ ਅੱਜ ਪੁਰਾਣਾ ਸ਼ਾਲਾ ਵਿਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ 2000 ਪੈਕਟ ਭੇਟ ਕੀਤੇ ਗਏ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਕੋਲੋਂ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਪ੍ਰਾਪਤ ਕਰਨ ਮੌਕੇ ਅਗਰਵਾਲ ਸੰਮੇਲਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਯੋਗਦਾਨ ਹੜ੍ਹ ਪੀੜ੍ਹਤਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਔਖੇ ਸਮੇਂ ਲੋੜਵੰਦਾਂ ਦੀ ਸੇਵਾ ਕਰਨਾ ਪੰਜਾਬੀਆਂ ਦੀ ਰਵਾਇਤ ਹੈ ਅਤੇ ਅਗਰਵਾਲ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਆਪਣੀ ਦਸਾਂ ਨਹੂੰਆਂ ਦੀ ਕਿਰਤ ਵਿੱਚੋਂ ਦਿੱਤਾ ਇਹ ਸਹਿਯੋਗ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਇਸ ਕੁਦਰਤੀ ਆਫਤ ਵਿੱਚੋਂ ਫਿਰ ਉੱਠ ਖੜ੍ਹਾ ਹੋਵੇਗਾ।
ਇਸ ਮੌਕੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਅਗਰਵਾਲ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਕਰਨਾ ਸਾਡਾ ਫਰਜ ਹੈ ਅਤੇ ਅਸੀਂ ਸਾਰੇ ਆਪਣੇ ਇਸ ਫਰਜ ਦੀ ਪੂਰਤੀ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਅਖਿਲ ਭਾਰਤੀਯ ਅਗਰਵਾਲ ਸੰਮੇਲਨ ਹਰ ਸਮੇਂ ਲੋੜਵੰਦਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸੁਰਿੰਦਰ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਪੁੱਤਰ ਡਾ. ਹਿਮਾਂਸ਼ੂ ਅਗਰਵਾਲ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਨੂੰਹ ਕੋਮਲ ਮਿੱਤਲ ਬਤੌਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੀ ਹੜ੍ਹ ਪ੍ਰਭਾਵਤ ਖੇਤਰ ਵਿੱਚ ਚਲਾਏ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਦਿਨ ਰਾਤ ਲੱਗ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਹਾਜ਼ਰ ਹੈ।
ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਵਾਈਸ ਪ੍ਰਧਾਨ ਮਨਜੀਤ ਕਾਂਸਲ, ਵਾਈਸ ਪ੍ਰਧਾਨ ਨਵੀਨ ਸਿੰਗਲਾ, ਵਾਈਸ ਪ੍ਰਧਾਨ ਅਗਰਵਾਲ ਸਭਾ ਮੋਗਾ ਵਿਕਾਸ ਬਾਂਸਲ, ਸੁਰਿੰਦਰ ਮਿਗਲਾਨੀ, ਸਿਮਰਨ ਅਗਰਵਾਲ ਮਹਿਲਾ ਵਿੰਗ ਪੰਜਾਬ ਪ੍ਰਧਾਨ, ਨਿਤਿਨ ਅਗਰਵਾਲ ਪ੍ਰਧਾਨ ਅਖਿਲ ਭਾਰਤੀਯ ਸੰਮੇਲਨ ਬਟਾਲਾ, ਦਿਨੇਸ਼ ਗੋਇਲ ਬਟਾਲਾ, ਬਾਲ ਕ੍ਰਿਸ਼ਨ ਮਿੱਤਲ ਗੁਰਦਾਸਪੁਰ,ਹੀਰਾ ਮਨੀ ਅਗਰਵਾਲ ਗੁਰਦਾਸਪੁਰ, ਸੰਜੀਵ ਅਗਰਵਾਲ ਐੱਮ.ਸੀ. ਗੁਰਦਾਸਪੁਰ, ਰਾਜਨ ਮਿੱਤਲ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਸ਼ਮਸ਼ੇਰ ਸਿੰਘ ਦੀਨਾਨਗਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ।