ਬਟਾਲਾ, ਗੁਰਦਾਸਪੁਰ, 6 ਅਪ੍ਰੈਲ (ਸਰਬਜੀਤ ਸਿੰਘ)– ਬਟਾਲਾ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਨੋਟਾਂ (ਐਫਆਈਸੀਐਨ) ਨੂੰ ਛਾਪਣ ਅਤੇ ਪ੍ਰਸਾਰਿਤ ਕਰਨ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਦੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 30 ਲੱਖ ਰੁਪਏ ਮੁੱਲ ਦੀਆਂ 500 ਰੁਪਏ ਦੀਆਂ ਜਾਅਲੀ ਕਰੰਸੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਿੰਦਰਜੀਤ ਕੌਰ ਦੋਵੇਂ ਵਾਸੀ ਤਰਸਿੱਕੇ ਅੰਮ੍ਰਿਤਸਰ ਵਜੋਂ ਹੋਈ ਹੈ।
ਐਸਐਸਪੀ ਅਸ਼ਵਨੀ ਗੋਟਿਆਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਰੋਸੇਮੰਦ ਸੂਚਨਾ ਦੇ ਆਧਾਰ ‘ਤੇ ਬਟਾਲਾ ਪੁਲਿਸ ਨੇ ਜੋੜੇ ਨੂੰ ਬਟਾਲਾ ਵਿੱਚ ਦਬੋਚ ਕੇ ਉਨ੍ਹਾਂ ਦੀ ਕਾਰ, ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ, ਵਿੱਚੋਂ 30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਉਸਨੇ ਦੱਸਿਆ ਕਿ ਦੋਸ਼ੀ ਸੁਖਬੀਰ ਸਿੰਘ, ਜੋ ਕਿ ਅੰਮ੍ਰਿਤਸਰ ਦੇ ਕਾਰਪੋਰੇਟ ਬੈਂਕ ਵਿੱਚ ਕੰਮ ਕਰਦਾ ਸੀ, ਦਾ ਅਪਰਾਧਿਕ ਪਿਛੋਕੜ ਹੈ ਕਿਉਂਕਿ ਉਸਦੇ ਖਿਲਾਫ 2.5 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਸਨੇ ਅੱਗੇ ਕਿਹਾ ਕਿ ਦੋਸ਼ੀ ਜੇਲ੍ਹ ਵਿੱਚ ਵੀ ਰਿਹਾ ਹੈ। ਉਸਨੇ ਕਿਹਾ ਕਿ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕੰਮ ਕਰਦੇ ਹੋਏ ਅੰਮ੍ਰਿਤਸਰ ਵਿੱਚ ਮੁਲਜ਼ਮ ਦੇ ਘਰ ਵੀ ਛਾਪੇਮਾਰੀ ਕੀਤੀ ਹੈ ਅਤੇ ਕਰੰਸੀ ਛਾਪਣ ਲਈ ਵਰਤਿਆ ਜਾਣ ਵਾਲਾ ਸਾਮਾਨ/ਵਸਤੂਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਘਰੋਂ ਨਵੀਂ ਜਾਅਲੀ ਕਰੰਸੀ ਛਾਪਣ ਲਈ ਚਿੱਟੇ ਕਾਗਜ਼ਾਂ ਦੇ 10 ਬੰਡਲ, ਕਰੰਸੀ ਵਿੱਚ ਤਾਰ ਫਿੱਟ ਕਰਨ ਲਈ ਲੈਮੀਨੇਸ਼ਨ ਮਸ਼ੀਨ, ਇੱਕ ਐਚਪੀ ਕਲਰ ਪ੍ਰਿੰਟਰ, ਪੇਪਰ ਕਟਰ ਅਤੇ ਡਰਾਇਰ ਅਤੇ ਤਾਰਾਂ ਦੀ ਸ਼ੀਟ ਬਰਾਮਦ ਕੀਤੀ ਹੈ। ਦੋ ਕਾਰਾਂ- ਵਰਨਾ ਅਤੇ ਅਲਕਾਜ਼ਾਰ- ਜੋ ਕਿ ਅਪਰਾਧ ਵਿੱਚ ਵਰਤੀਆਂ ਗਈਆਂ ਸਨ, ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।



